ਕੁਰਾਲੀ ਨੂੰ ਮਾਸਟਰ ਪਲਾਨ ਤਹਿਤ ਐਗਰੀਕਲਚਰ ਜ਼ੋਨ ’ ਚੋਂ ਕੱਢਣ ਦੀ ਮੰਗ ਨੂੰ ਲੈ ਕੇ ਕੌਂਸਲ ਟੀਮ ਵਲੋਂ ਪੁੱਡਾ ਦੇ ਅਧਿਕਾਰੀਆਂ ਨਾਲ ਮੀਟਿੰਗ
ਕੁਰਾਲੀ, 4 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਨੂੰ ਮਾਸਟਰ ਪਲਾਨ ਤਹਿਤ ਐਗਰੀਕਲਚਰ (ਗਰੀਨ) ਜ਼ੋਨ ‘ਚੋਂ ਕੱਢ ਕੇ ਰਿਹਾਇਸ਼ੀ ਜ਼ੋਨ ‘ਚ ਸ਼ਾਮਿਲ ਕਰਵਾਉਣ ਲਈ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਨਵ-ਨਿਯੁਕਤ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ.
ਕੁਰਾਲੀ, 4 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਨੂੰ ਮਾਸਟਰ ਪਲਾਨ ਤਹਿਤ ਐਗਰੀਕਲਚਰ (ਗਰੀਨ) ਜ਼ੋਨ ‘ਚੋਂ ਕੱਢ ਕੇ ਰਿਹਾਇਸ਼ੀ ਜ਼ੋਨ ‘ਚ ਸ਼ਾਮਿਲ ਕਰਵਾਉਣ ਲਈ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਨਵ-ਨਿਯੁਕਤ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਅਤੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ਅਗਵਾਈ ਹੇਠ ਕੌਂਸਲ ਟੀਮ ਵਲੋਂ ਪੁੱਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਵਲੋਂ ਟੀਮ ਨੂੰ ਕੁਰਾਲੀ ਨੂੰ ਰਿਹਾਇਸ਼ੀ ਜ਼ੋਨ ਘੋਸ਼ਿਤ ਕਰਵਾਉਣ ਸੰਬੰਧੀ ਲੋੜੀਂਦੀ ਕਾਰਵਾਈ ਆਰੰਭ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸੰਬੰਧੀ ਕੁਰਾਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਦੱਸਿਆ ਕਿ ਕੌਂਸਲ ਦੀ ਪਹਿਲੀ ਹੀ ਮੀਟਿੰਗ ਦੌਰਾਨ ਕੁਰਾਲੀ ਨੂੰ ਐਗਰੀਕਲਚਰ (ਗਰੀਨ) ਜ਼ੋਨ ਤੋਂ ਰਿਹਾਇਸ਼ੀ ਜ਼ੋਨ ‘ਚ ਬਦਲਣ ਲਈ ਹਾਊਸ ‘ਚ ਮਤਾ ਲਿਆਂਦਾ ਗਿਆ ਸੀ। ਇਸ ਮਤੇ ਨੂੰ ਹਾਊਸ ਵਲੋਂ ਸਰਬਸੰਮਤੀ ਨਾਲ ਪਾਸ ਕਰਕੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਕੋਲ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਦੇ ਲੋਕਾਂ, ਰੀਅਲ ਅਸਟੇਟ ਕਾਰੋਬਾਰੀਆਂ ਅਤੇ ਪ੍ਰਾਪਰਟੀ ਡੀਲਰਾਂ ਦੀ ਮਿਹਨਤ ਨੂੰ ਬੂਰ ਪਿਆ ਹੈ। ਮੀਟਿੰਗ ਦੌਰਾਨ ਕੁਰਾਲੀ ਦੇ ਨਾਲ ਲੱਗਦੇ ਪਿੰਡਾਂ ਜਿਵੇਂ ਕਿ ਸਹੌੜਾਂ, ਕਨੌੜਾ, ਸਿੰਘਪੁਰਾ, ਗੋਸਲਾਂ, ਨਿਹੋਲਕਾ, ਦੁਸਾਰਨਾ, ਫ਼ਤਿਹਗੜ੍ਹ, ਰਤਨਗੜ੍ਹ, ਸਿੰਬਲ, ਲਖਨੌਰ, ਚਨਾਲੋਂ ਅਤੇ ਕਾਲੇਵਾਲ ਆਦਿ ਦੇ ਮੌਕੇ ‘ਤੇ ਹਾਜ਼ਰ ਵੱਖ-ਵੱਖ ਨੁਮਾਇੰਦਿਆਂ ਵਲੋਂ ਵੀ ਆਪੋ ਆਪਣੇ ਪਿੰਡਾਂ ‘ਚੋਂ ਗਰੀਨ ਜ਼ੋਨ ਹਟਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਗਈ। ਮੀਟਿੰਗ ‘ਚ ਮੌਜੂਦ ਜ਼ਿਲ੍ਹਾ ਮਾਲ ਅਫ਼ਸਰ ਅਤੇ ਉੱਚ ਅਧਿਕਾਰੀਆਂ ਵਲੋਂ ਇਸ ਮੁਸ਼ਕਿਲ ਨੂੰ ਜਲਦ ਦੂਰ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਹਲਕਾ ਖਰੜ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨੇ ਸਾਰੇ ਸੰਬੰਧਿਤ ਪਿੰਡਾਂ ਦੀਆਂ ਸਮੱਸਿਆਵਾਂ ਦੀ ਪੈਰਵਾਈ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਚ ਕਿਸੇ ਵੀ ਨਾਗਰਿਕ ਜਾਂ ਜ਼ਮੀਨ ਮਾਲਕ ਨਾਲ ਜ਼ਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ। ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਰਾਲੀ ਨੂੰ ਮਾਸਟਰ ਪਾਲਨ ਤਹਿਤ ਐਗਰੀਕਲਚਰ ਜ਼ੋਨ ‘ਚੋਂ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਸੰਬੰਧੀ ਨੋਟੀਫਿਕੇਸ਼ਨ ਜਲਦ ਜਾਰੀ ਹੋਣ ਦੀ ਉਮੀਦ ਹੈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ, ਗੁਰਸ਼ਰਨ ਸਿੰਘ ਬਿੰਦਰਖੀਆ, ਕੌਂਸਲ ਪ੍ਰਦੀਪ ਕੁਮਾਰ ਰੂੜਾ, ਕੌਂਸਲਰ ਡਾ. ਅਸ਼ਵਨੀ ਸ਼ਰਮਾ ਤੇ ਬਿਕਰਮ ਸਿੰਘ ਬਿੱਕਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।