09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹੁਣ ਵਿਕਾਸ ਕਾਰਜਾਂ ’ ਤੇ ਰਹੇਗੀ ਲੋਕਾਂ ਦੀ ਵੀ ਨਜ਼ਰ , ਮੇਅਰ ਵਲੋਂ ਇਲਾਕਾ ਪੱਧਰੀ ਵਸਨੀਕ ਨਿਗਰਾਨੀ ਪਹਿਲ

ਚੰਡੀਗੜ੍ਹ, 8 ਸਤੰਬਰ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਵਿਚ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਮੇਅਰ ਸੌਰਭ ਜੋਸ਼ੀ ਨੇ ਨਵੀਂ ਪਹਿਲਕਦਮੀ ਕਰਦਿਆਂ ਇਲਾਕਾ ਪੱਧਰੀ ਵਸਨੀਕ ਨਿਗਰਾਨੀ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਸਥਾਨਕ ਵਸਨੀਕ ਆਪਣੇ ਇਲਾਕੇ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ, ਲਾਗਤ ਅਤੇ ਕੰਮ ਦੀ ਪ੍ਰਗਤੀ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਕਿਸੇ ਵੀ ਕਮੀ ਜਾਂ ਦੇਰੀ ਦੀ ਸੂਚਨਾ ਸਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਸਕਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਚੰਡੀਗੜ੍ਹ, 8 ਸਤੰਬਰ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਵਿਚ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਮੇਅਰ ਸੌਰਭ ਜੋਸ਼ੀ ਨੇ ਨਵੀਂ ਪਹਿਲਕਦਮੀ ਕਰਦਿਆਂ ਇਲਾਕਾ ਪੱਧਰੀ ਵਸਨੀਕ ਨਿਗਰਾਨੀ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਸਥਾਨਕ ਵਸਨੀਕ ਆਪਣੇ ਇਲਾਕੇ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ, ਲਾਗਤ ਅਤੇ ਕੰਮ ਦੀ ਪ੍ਰਗਤੀ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਕਿਸੇ ਵੀ ਕਮੀ ਜਾਂ ਦੇਰੀ ਦੀ ਸੂਚਨਾ ਸਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਸਕਣਗੇ। ਮੇਅਰ ਨੇ ਇਸ ਪਹਿਲ ਨੂੰ ‘ਲੋਕਾਂ ਦਾ ਪੈਸਾ, ਲੋਕਾਂ ਦੀ ਨਿਗਰਾਨੀ’ ਦੇ ਸਿਧਾਂਤ ’ਤੇ ਆਧਾਰਿਤ ਦੱਸਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਲੋਕਾਂ ਦੀ ਭੂਮਿਕਾ ਸਿਰਫ਼ ਲਾਭਪਾਤਰੀ ਵਜੋਂ ਨਹੀਂ, ਸਗੋਂ ਸਰਗਰਮ ਭਾਈਵਾਲ ਵਜੋਂ ਹੋਣੀ ਚਾਹੀਦੀ ਹੈ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਵਿਕਾਸ ਕਾਰਜ ਜਨਤਾ ਦੇ ਪੈਸੇ ਨਾਲ ਕਰਵਾਏ ਜਾਂਦੇ ਹਨ, ਇਸ ਲਈ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਦੇ ਪੈਸੇ ਨਾਲ ਕੀ ਕੰਮ ਹੋ ਰਿਹਾ ਹੈ, ਕਿੰਨੀ ਰਕਮ ਖ਼ਰਚ ਕੀਤੀ ਜਾ ਰਹੀ ਹੈ ਅਤੇ ਕੰਮ ਨਿਰਧਾਰਿਤ ਮਿਆਰਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਨਾਗਰਿਕਾਂ ਨੂੰ ਵਿਕਾਸ ਪ੍ਰਕਿਰਿਆ ਦਾ ਸਰਗਰਮ ਹਿੱਸਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਲਾਕਾ ਪੱਧਰ ’ਤੇ ਬਣਾਈਆਂ ਜਾਣ ਵਾਲੀਆਂ ਇਨ੍ਹਾਂ ਕਮੇਟੀਆਂ ਵਿਚ ਸੇਵਾਮੁਕਤ ਇੰਜੀਨੀਅਰਾਂ, ਪ੍ਰੋਫੈਸਰਾਂ, ਡਾਕਟਰਾਂ ਅਤੇ ਹੋਰ ਤਕਨੀਕੀ ਤੇ ਪੇਸ਼ੇਵਰ ਤਜਰਬਾ ਰੱਖਣ ਵਾਲੇ ਵਸਨੀਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਕਮੇਟੀਆਂ ਵਲੋਂ ਆਪਣੇ ਇਲਾਕਿਆਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਸਮੇਂ-ਸਮੇਂ ’ਤੇ ਨਿਰੀਖਣ ਕਰਕੇ ਕੰਮ ਦੀ ਗੁਣਵੱਤਾ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ। ਕਮੇਟੀਆਂ ਇਹ ਵੀ ਜਾਂਚ ਕਰਨਗੀਆਂ ਕਿ ਵਿਕਾਸ ਕਾਰਜ ਨਗਰ ਨਿਗਮ ਚੰਡੀਗੜ੍ਹ ਵਲੋਂ ਮਨਜ਼ੂਰ ਕੀਤੇ ਕੰਮ ਦੇ ਘੇਰੇ, ਤਕਨੀਕੀ ਵਿਸ਼ੇਸ਼ਤਾਵਾਂ ਅਤੇ ਨਿਰਧਾਰਿਤ ਲਾਗਤ ਅਨੁਸਾਰ ਹੀ ਕਰਵਾਏ ਜਾ ਰਹੇ ਹਨ ਜਾਂ ਨਹੀਂ। ਜੇਕਰ ਕੰਮ ਵਿਚ ਕਿਸੇ ਕਿਸਮ ਦੀ ਕਮੀ, ਨਿਰਧਾਰਿਤ ਮਾਪਦੰਡਾਂ ਤੋਂ ਭਟਕਾਅ ਜਾਂ ਦੇਰੀ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਸਬੰਧਿਤ ਅਧਿਕਾਰੀਆਂ ਨੂੰ ਦੇ ਕੇ ਸਮੇਂ ਸਿਰ ਲੋੜੀਂਦੀ ਸੁਧਾਰਾਤਮਕ ਕਾਰਵਾਈ ਕਰਵਾਈ ਜਾ ਸਕੇਗੀ। ਇਸ ਪਹਿਲ ਨੂੰ ਅਮਲੀ ਰੂਪ ਦਿੰਦਿਆਂ ਮੇਅਰ ਵਲੋਂ ਅੱਜ ਸੈਕਟਰ-15 ਦੇ ਜੌਗਰਜ਼ ਪਾਰਕ ਦੇ ਅਪਗ੍ਰੇਡੇਸ਼ਨ ਅਤੇ ਸੈਕਟਰ-15 ਤੇ 24 ਦੇ ਪਾਰਕਾਂ ਵਿਚ ਫੁਹਾਰਿਆਂ ਦੀ ਮੁਰੰਮਤ ਤੇ ਨਵੀਨੀਕਰਨ ਦੇ ਕੰਮਾਂ ਦੀ ਸ਼ੁਰੂਆਤ ਵੀ ਕੀਤੀ ਗਈ। ਇਨ੍ਹਾਂ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਪ੍ਰਗਤੀ ’ਤੇ ਨਵੀਂ ਗਠਿਤ ਇਲਾਕਾ ਪੱਧਰੀ ਵਸਨੀਕ ਨਿਗਰਾਨੀ ਕਮੇਟੀ ਵਲੋਂ ਨਜ਼ਰ ਰੱਖੀ ਜਾਵੇਗੀ। ਮੇਅਰ ਨੇ ਕਿਹਾ ਕਿ ਵਸਨੀਕ ਨਿਗਰਾਨੀ ਕਮੇਟੀਆਂ ਨਾਗਰਿਕਾਂ ਅਤੇ ਨਗਰ ਨਿਗਮ ਵਿਚਕਾਰ ਅਹਿਮ ਕੜੀ ਵਜੋਂ ਕੰਮ ਕਰਨਗੀਆਂ। ਇਸ ਨਾਲ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਅ ਨਗਰ ਨਿਗਮ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਣਗੇ ਅਤੇ ਵਿਕਾਸ ਕਾਰਜਾਂ ਵਿਚ ਜਵਾਬਦੇਹੀ ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ। 26.93 ਲੱਖ ਦੀ ਲਾਗਤ ਨਾਲ ਫੁਹਾਰਿਆਂ ਦਾ ਹੋਵੇਗਾ ਨਵੀਨੀਕਰਨ ਸੈਕਟਰ-15 ਦੇ ਫਲੋਰਲ ਸਕਲਪਚਰ ਗਾਰਡਨ ਸਮੇਤ ਦੋ ਫੁਹਾਰਿਆਂ ਅਤੇ ਸੈਕਟਰ-24 ਦੇ ਦੋ ਫੁਹਾਰਿਆਂ ਦੇ ਨਵੀਨੀਕਰਨ ਲਈ 26.93 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਫੁਹਾਰਿਆਂ ਦੀ ਰੌਸ਼ਨੀ ਅਤੇ ਪਾਣੀ ਪ੍ਰਬੰਧ ਨੂੰ ਆਧੁਨਿਕ ਬਣਾਇਆ ਜਾਵੇਗਾ। ਇਸ ਲਈ ਸਬਮਰਸੀਬਲ ਲਾਈਟਾਂ, ਐੱਸ.ਐੱਸ.-304 ਫਿਕਸਚਰ, ਆਟੋਮੈਟਿਕ ਕਲਰ-ਚੇਂਜਿੰਗ ਕੰਟਰੋਲਰ, ਨਵੇਂ ਕੰਟਰੋਲ ਪੈਨਲ, ਨੋਜ਼ਲ, ਵਾਟਰ-ਕਾਲਮ ਨੋਜ਼ਲ, ਬ੍ਰਾਸ ਬਾਲ ਵਾਲਵ ਅਤੇ ਮਜ਼ਬੂਤ ਪਾਈਪਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਲੋੜੀਂਦੀ ਸਿਵਲ ਮੁਰੰਮਤ ਅਤੇ ਟਾਈਲਾਂ ਦੀ ਬਹਾਲੀ ਦਾ ਕੰਮ ਵੀ ਕੀਤਾ ਜਾਵੇਗਾ। ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਲਈ 6 ਮਹੀਨਿਆਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਵਿਕਾਸ ਕਾਰਜਾਂ ਦਾ ਉਦੇਸ਼ ਪਾਰਕਾਂ ਦੀ ਹਾਲਤ, ਸੁੰਦਰਤਾ ਅਤੇ ਸਹੂਲਤਾਂ ਵਿਚ ਸੁਧਾਰ ਕਰਕੇ ਸਵੇਰੇ ਸੈਰ ਕਰਨ ਵਾਲਿਆਂ, ਜੌਗਿੰਗ ਕਰਨ ਵਾਲਿਆਂ, ਬਜ਼ੁਰਗਾਂ, ਬੱਚਿਆਂ ਅਤੇ ਹੋਰ ਵਸਨੀਕਾਂ ਲਈ ਬਿਹਤਰ ਮਨੋਰੰਜਨਕ ਮਾਹੌਲ ਮੁਹੱਈਆ ਕਰਵਾਉਣਾ ਹੈ। ਕਮੇਟੀ ’ ਚ ਸ਼ਾਮਿਲ ਰਹਿਣਗੇ ਇਹ ਮੈਂਬਰ ਇਲਾਕਾ ਪੱਧਰੀ ਵਸਨੀਕ ਨਿਗਰਾਨੀ ਕਮੇਟੀ ਵਿਚ ਪ੍ਰੋ. ਸੁਨੀਲ ਸ਼ਰਮਾ ਨੂੰ ਮੁਖੀ, ਰਾਜ ਕੁਮਾਰ ਸਹਿਦੇਵ ਅਤੇ ਚਰਨਜੀਤ ਨੂੰ ਸਹਿ-ਕਨਵੀਨਰ ਬਣਾਇਆ ਗਿਆ ਹੈ। ਰਜਨੀਸ਼ ਸ਼ਰਮਾ, ਰਮੇਸ਼ ਕੁਮਾਰ ਸੂਦ, ਸੰਜੀਵ ਬਾਂਸਲ, ਮੁੱਖ ਇੰਜੀਨੀਅਰ ਪ੍ਰਿਥਵੀ ਸ਼ਰਮਾ, ਜਸਜੀਤ ਸਿੰਘ ਭੱਲਾ, ਗੁਰਪ੍ਰੀਤ ਸਿੰਘ ਮੋਖਾ, ਕ੍ਰਿਸ਼ਨ ਅਤੇ ਇੰਜੀਨੀਅਰ ਐੱਸ.ਕੇ. ਗੁਪਤਾ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਕਮੇਟੀ ਵਲੋਂ ਸਮੇਂ-ਸਮੇਂ ’ਤੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਕੇ ਮਨਜ਼ੂਰਸ਼ੁਦਾ ਲਾਗਤ ਅਤੇ ਮੌਕੇ ’ਤੇ ਪ੍ਰਦਰਸ਼ਿਤ ਤਕਨੀਕੀ ਵਿਸ਼ੇਸ਼ਤਾਵਾਂ ਦੇ ਮੁਕਾਬਲੇ ਕੰਮ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਮੇਟੀ ਵਲੋਂ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਲੋੜ ਅਨੁਸਾਰ ਵਸਨੀਕਾਂ ਦੀਆਂ ਸ਼ਿਕਾਇਤਾਂ ਤੇ ਸੁਝਾਅ ਵੀ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ ਜਾਣਗੇ।ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਇਹ ਪਹਿਲ ਪੜਾਅਵਾਰ ਢੰਗ ਨਾਲ ਪੂਰੇ ਚੰਡੀਗੜ੍ਹ ਵਿਚ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਵਿਕਾਸ ਸਿਰਫ਼ ਲੋਕਾਂ ਲਈ ਨਹੀਂ, ਸਗੋਂ ਲੋਕਾਂ ਦੀ ਸਰਗਰਮ ਭਾਗੀਦਾਰੀ ਅਤੇ ਨਿਗਰਾਨੀ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਵਿਕਾਸ ਕਾਰਜਾਂ ਨਾਲ ਜੋੜ ਕੇ ਸ਼ਹਿਰ ਦੇ ਵਿਕਾਸ ਮਾਡਲ ਵਿਚ ਲੋਕਾਂ ਦੀ ਭਾਗੀਦਾਰੀ ਨੂੰ ਅਹਿਮ ਹਿੱਸਾ ਬਣਾਇਆ ਜਾਵੇਗਾ। ਇਸ ਮੌਕੇ ਚੰਡੀਗੜ੍ਹ ਦੇ ਲੋਕ ਨੁਮਾਇੰਦਿਆਂ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਜ਼ੀਟਲ ਇੰਡੀਆ ਤੋਂ ਲੈ ਕੇ ਆਧੁਨਿਕ ਜੰਗੀ ਜਹਾਜ਼ਾਂ ਤੱਕ ਦੇਸ਼ ਅੱਜ ਦੁਨੀਆ ਦਾ ਨਿਰਮਾਣ ਹੱਬ ਬਣਿਆ - ਕਾਲੇਵਾਲ ਅਗਲੀ ਖ਼ਬਰ ਗਲੋਬ ਟੋਯੋਟਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਟੋਯੋਟਾ ਹਾਈਲਕਸ ਦਾ ਕੀਤਾ ਉਦਘਾਟਨ
Ad Position 24