ਖਰੜ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਨ ਹਿੱਤ ਵਿਕਾਸ ਮੰਚ ਦੇ ਵਫ਼ਦ ਵਲੋਂ ਡੀ. ਐਸ. ਪੀ. ਨਾਲ ਮੁਲਾਕਾਤ
ਖਰੜ, 9 ਸਤੰਬਰ (ਜੰਡਪੁਰੀ)-ਖਰੜ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਨ ਹਿੱਤ ਵਿਕਾਸ ਮੰਚ ਖਰੜ ਦੇ 6 ਮੈਂਬਰੀ ਵਫ਼ਦ ਵਲੋਂ ਰਣਜੀਤ ਸਿੰਘ ਹੰਸ ਦੀ ਅਗਵਾਈ ਹੇਠ ਡੀ. ਐਸ.
ਖਰੜ, 9 ਸਤੰਬਰ (ਜੰਡਪੁਰੀ)-ਖਰੜ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਨ ਹਿੱਤ ਵਿਕਾਸ ਮੰਚ ਖਰੜ ਦੇ 6 ਮੈਂਬਰੀ ਵਫ਼ਦ ਵਲੋਂ ਰਣਜੀਤ ਸਿੰਘ ਹੰਸ ਦੀ ਅਗਵਾਈ ਹੇਠ ਡੀ. ਐਸ. ਪੀ. ਖਰੜ ਇਸ਼ਾਨ ਸਿੰਗਲਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਵਫ਼ਦ ‘ਚ ਸ਼ਾਮਿਲ ਬ੍ਰਿਜ ਮੋਹਣ ਸ਼ਰਮਾ ਜਨਰਲ ਸਕੱਤਰ, ਜੋਗਿੰਦਰ ਸਿੰਘ ਸੀਨੀਅਰ ਵਾਈਸ ਪ੍ਰਧਾਨ, ਮਾਸਟਰ ਕਰਨੈਲ ਸਿੰਘ ਵਾਈਸ ਪ੍ਰਧਾਨ, ਰਜਿੰਦਰ ਸਿੰਘ ਸੋਹਲ ਹੈੱਡ ਕੈਸ਼ੀਅਰ ਤੇ ਜਸਵੀਰ ਸਿੰਘ ਅਸਿਸਟੈਂਟ ਕੈਸ਼ੀਅਰ ਨੇ ਡੀ. ਐਸ. ਪੀ. ਦੇ ਧਿਆਨ ‘ਚ ਲਿਆਂਦਾ ਕਿ ਖਰੜ ਸ਼ਹਿਰ ਦੀਆਂ ਸਮੁੱਚੀਆਂ ਸੜਕਾਂ ‘ਤੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਆਮ ਜਨਤਾ ਲਈ ਸੜਕਾਂ ‘ਤੇ ਚੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸੇ ਤਰ੍ਹਾਂ ਬੱਸ ਸਟੈਂਡ ਤੋਂ ਸਵਾਰੀਆਂ ਚੁੱਕਣ ਲਈ ਪ੍ਰਾਈਵੇਟ ਬੱਸਾਂ ਵਾਲੇ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਦੇ ਸਾਹਮਣੇ ਹੀ ਚੌਕ ਵਿਚਕਾਰ ਬੱਸਾਂ ਲਗਾ ਕੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਇਥੇ ਹਰ ਸਮੇਂ ਜਾਮ ਲੱਗਾ ਰਹਿੰਦਾ ਹੈ। ਵਫ਼ਦ ਨੇ ਡੀ. ਐਸ. ਪੀ. ਨੂੰ ਜਾਣੂ ਕਰਵਾਇਆ ਕਿ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਰਾਤ ਦੇ 12-1 ਵਜੇ ਤੱਕ ਸਪੀਕਰ/ ਡੀ. ਜੇ. ਵੱਜਦੇ ਰਹਿੰਦੇ ਹਨ, ਜਿਸ ਕਾਰਨ ਆਮ ਲੋਕਾਂ ਸੌਂਣ ‘ਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਇਸ ਦੇ ਚਲਦਿਆਂ ਡੀ. ਐਸ. ਪੀ. ਨੇ ਵਫ਼ਦ ਨੂੰ ਕਿਹਾ ਕਿ ਸੜਕਾਂ ‘ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਕਾਰਵਾਈ ਕੀਤੀ ਜਾਣੀ ਹੈ ਅਤੇ ਇਸ ਵਾਸਤੇ ਜਦੋਂ ਵੀ ਕੌਂਸਲ ਅਧਿਕਾਰੀ ਪੁਲਿਸ ਫੋਰਸ ਦੀ ਮੰਗ ਕਰਨਗੇ ਤਾਂ ਉਹ ਜ਼ਰੂਰ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ‘ਤੇ ਚੌਕ ਦੇ ਵਿਚਕਾਰ ਬੱਸਾਂ ਖੜ੍ਹੀਆਂ ਕੀਤੇ ਜਾਣ ਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਵਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8.30 ਵਜੇ ਤੱਕ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਭਰੋਸਾ ਦਿੱਤਾ ਕਿ ਰਾਤ ਦੇ 10 ਵਜੇ ਤੋਂ ਬਾਅਦ ਗਲੀਆਂ/ਪਾਰਕਾਂ ‘ਚ ਡੀ. ਜੇ. ਵਜਾਉਣ ‘ਤੇ ਰੋਕਥਾਮ ਲਗਾਉਣ ਲਈ ਉਨ੍ਹਾਂ ਵਲੋਂ ਢੁਕਵੀਂ ਕਾਰਵਾਈ ਕੀਤੀ ਜਾਵੇਗੀ।