ਪਹਿਲਾਂ ਤੋਂ ਜੇਲ੍ਹ ’ ਚ ਬੰਦ ਮੁਲਜ਼ਮਾਂ ਨੇ ਹਮਲੇ ਦੀ ਦਿੱਤੀ ਸੀ ਧਮਕੀ , ਪੁਲਿਸ ਰਿਮਾਂਡ ਦੌਰਾਨ ਹੋਇਆ ਖੁਲਾਸਾ
ਮਾਮਲਾ ਲਾਰੈਂਸ ਦੇ ਅਖੌਤੀ ਸਾਥੀ ਵਲੋਂ ਮੁਹਾਲੀ ਦੇ ਫੇਜ਼-10 ਵਿਚਲੇ ਦੋ ਘਰਾਂ ਦੇ ਬਾਹਰ ਫਾਇਰਿੰਗ ਕਰਵਾਉਣ ਦਾ ਐੱਸ. ਏ.
ਅਜੀਤ ਡੈਸਕ
16-09-2026
ਐੱਸ. ਏ. ਐੱਸ. ਨਗਰ/ ਚੰਡੀਗੜ੍ਹ, 15 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-10 ਸਥਿਤ ਦੋ ਰੀਅਲ ਅਸਟੇਟ ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਫਿਰੌਤੀ ਦੀ ਮੰਗ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਪਹਿਲਾਂ ਤੋਂ ਜੇਲ੍ਹ ‘ਚ ਬੰਦ ਮੁਲਜ਼ਮਾਂ ਵਲੋਂ ਧਮਕੀਆਂ ਦਿੱਤੇ ਜਾਣ ਦਾ ਵੀ ਖੁਲਾਸਾ ਹੋਇਆ ਹੈ। ਮੁਹਾਲੀ ਪੁਲਿਸ ਵਲੋਂ ਮੁਲਜ਼ਮ ਹਰਸ਼ਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਦੋ ਦਿਨ ਪੁੱਛਗਿੱਛ ਕੀਤੀ ਗਈ।, ਉਪਰੰਤ ਦੋਵਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਮੁਲਜ਼ਮਾਂ ਨੂੰ 24 ਸਤੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਸੂਤਰਾਂ ਮੁਤਾਬਿਕ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫਿਰੌਤੀ ਦਾ ਨੈੱਟਵਰਕ ਜੇਲ੍ਹ ਵਿਚੋਂ ਹੀ ਚਲਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜੇਕਰ ਕਿਸੇ ਕਾਰੋਬਾਰੀ ਵਲੋਂ ਫਿਰੌਤੀ ਦੀ ਰਕਮ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਡਰਾਉਣ ਅਤੇ ਦਹਿਸ਼ਤ ਪੈਦਾ ਕਰਨ ਲਈ ਉਸ ਦੇ ਘਰ ਜਾਂ ਟਿਕਾਣੇ ‘ਤੇ ਤਾਬੜ-ਤੋੜ ਫਾਇਰਿੰਗ ਕਰਵਾਈ ਜਾਂਦੀ ਹੈ। ਦੋਵਾਂ ਮਾਮਲਿਆਂ ਦੀ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਪੀੜਤਾਂ ਨੂੰ ਧਮਕੀ ਭਰਿਆ ਵੋਇਸ ਨੋਟ ਜਾਂ ਫ਼ੋਨ ਕਾਲ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਸੰਬੰਧਿਤ ਨੰਬਰ ਨੂੰ ਬਲਾਕ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਖੌਤੀ ਗੈਂਗਸਟਰ ਵਲੋਂ ਆਪਣੀ ਧਮਕੀ ਨੂੰ ਅਮਲੀ ਰੂਪ ਦੇਣ ਅਤੇ ਦਹਿਸ਼ਤ ਪੈਦਾ ਕਰਨ ਲਈ ਫਾਇਰਿੰਗ ਕਰਵਾਈ ਗਈ। ਇਸੇ ਲੜੀ ਤਹਿਤ ਮੁਹਾਲੀ ਦੇ ਹੇਅਰ ਮਾਸਟਰ ਸਲੂਨ ‘ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਸੰਬੰਧਿਤ ਥਾਣਾ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ, ਜਦਕਿ ਬਾਅਦ ਵਿਚ ਮਾਮਲੇ ਦੀ ਜਾਂਚ ਦੀ ਕਮਾਨ ਆਪ੍ਰੇਸ਼ਨ ਸੈੱਲ ਨੂੰ ਸੌਂਪ ਦਿੱਤੀ ਗਈ ਸੀ। ਪੈਟਰੋਲ ਪੰਪ ‘ ਤੇ ਫਾਇਰਿੰਗ ਕਰਨ ਮਾਮਲੇ ‘ ਚ ਮੁਲਜ਼ਮ ਮਨੀਸ਼ ਦੀ ਪਾਈ ਗ੍ਰਿਫ਼ਤਾਰੀ ਉਕਤ ਮਾਮਲੇ ਦੀ ਜਾਂਚ ਨਾਲ ਜੁੜੇ ਸੈਕਟਰ-51 ਸਥਿਤ ਇੰਡੀਅਨ ਆਇਲ ਪੈਟਰੋਲ ਪੰਪ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਚੰਡੀਗੜ੍ਹ ਦੇ ਥਾਣਾ ਸੈਕਟਰ-36 ਦੀ ਪੁਲਿਸ ਨੇ ਮੁਲਜ਼ਮ ਮਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸਮੇਂ ਮਨੀਸ਼ ਜਿਸ ਇਨਡੇਵਰ ਗੱਡੀ ਵਿਚ ਸਵਾਰ ਸੀ, ਉਹ ਸੈਕਟਰ-40 ਵਿਖੇ ਛੱਡ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਦੇ ਸਾਥੀ ਉਥੇ ਪਹੁੰਚੇ ਅਤੇ ਉਨ੍ਹਾਂ ਮਨੀਸ਼ ਨੂੰ ਸੈਕਟਰ-16 ਸਥਿਤ ਜੀ. ਐੱਮ. ਸੀ. ਐੱਚ. ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਪੁਲਿਸ ਵਲੋਂ ਮਨੀਸ਼ ਨੂੰ ਬੁੱਧਵਾਰ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮਨੀਸ਼ ਦਾ ਅਪਰਾਧਿਕ ਪਿਛੋਕੜ ਰਿਹਾ ਹੈ। ਉਸ ਨੂੰ ਸਾਲ 2025 ਵਿਚ ਬਾਗ਼ਪਤ ਵਿਖੇ ਹੋਈ ਕਰੀਬ 6 ਕਰੋੜ ਰੁ. ਦੀ ਕੈਸ਼ ਵੈਨ ਲੁੱਟ ਦੇ ਮਾਮਲੇ ਅਤੇ ਰਿਸ਼ਵਤਖੋਰੀ ਨਾਲ ਸੰਬੰਧਿਤ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਲੋਂ ਕੈਸ਼ ਵੈਨ ਦੀ ਲੁੱਟ-ਖਸੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਗਈ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਯੂ. ਪੀ. ਪੁਲਿਸ ਵਲੋਂ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਸਮੇਤ ਮਨੀਸ਼ ਨੂੰ ਵੀ ਯੂ. ਪੀ. ਲਿਜਾ ਕੇ ਕ੍ਰਾਈਮ ਸੀਨ ਦੀ ਤਫਤੀਸ਼ ਕਰਵਾਈ ਗਈ ਸੀ। ਮਾਮਲੇ ਦੀਆਂ ਤਾਰਾਂ ਹੋਰ ਕਈ ਪਾਸੇ ਜੁੜੀਆਂ ਹੋਣ ਦਾ ਸ਼ੱਕ ਫਿਰੌਤੀ ਅਤੇ ਫਾਇਰਿੰਗ ਦੇ ਇਹ ਦੋਵੇਂ ਮਾਮਲੇ ਉੱਪਰੋਂ ਜਿੰਨੇ ਸਰਲ ਦਿਖਾਈ ਦੇ ਰਹੇ ਹਨ, ਜਾਂਚ ਅੱਗੇ ਵਧਣ ਨਾਲ ਉਨ੍ਹਾਂ ਦੀਆਂ ਤਾਰਾਂ ਕਈ ਪਾਸੇ ਜੁੜੀਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਗੈਂਗਸਟਰਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਦੇ ਬਾਵਜੂਦ ਸ਼ੁਰੂਆਤੀ ਪੜਾਅ ‘ਚ ਦੋਵਾਂ ਮਾਮਲਿਆਂ ਦੀ ਜਾਂਚ ਦੀ ਕਮਾਨ ਜ਼ਿਲ੍ਹਾ ਪੁਲਿਸ ਦੇ ਹੱਥ ਵਿਚ ਹੀ ਰੱਖੀ ਗਈ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਨੂੰ ਏ. ਜੀ. ਟੀ. ਐੱਫ. ਜਾਂ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸੌਂਪੇ ਜਾਣ ਸੰਬੰਧੀ ਵੀ ਚਰਚਾ ਚੱਲ ਰਹੀ ਹੈ। ਪੁਲਿਸ ਵਲੋਂ ਫਿਰੌਤੀ ਨੈੱਟਵਰਕ, ਜੇਲ੍ਹ ਵਿਚ ਬੰਦ ਮੁਲਜ਼ਮਾਂ ਅਤੇ ਫਾਇਰਿੰਗ ਦੀਆਂ ਘਟਨਾਵਾਂ ਦਰਮਿਆਨ ਕੜੀਆਂ ਨੂੰ ਜੋੜਨ ਦੀ ਦਿਸ਼ਾ ‘ਚ ਜਾਂਚ ਕੀਤੀ ਜਾ ਰਹੀ ਹੈ। ਮੁਹਾਲੀ ਪੁਲਿਸ ਵਲੋਂ ਅੱਜ ਤੜਕਸਾਰ ਛਾਪੇਮਾਰ ਕਰਕੇ ਕੁਝ ਹੋਰਨਾਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਸੰਬੰਧੀ ਪੁਲਿਸ ਵਲੋਂ ਜਲਦ ਹੀ ਖੁਲਾਸੇ ਕੀਤੇ ਜਾਣਗੇ।