ਐੱਸ. ਏ. ਐੱਸ. ਨਗਰ, 17 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਦੋ ਇੰਮੀਗ੍ਰੇਸ਼ਨ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਅਰਬਨ ਵੀਜ਼ਾ ਐਡਵਾਈਜਰਜ਼ ਫਰਮ (ਐਸ. ਸੀ. ਓ. 656 ਦੂਜੀ ਮੰਜ਼ਿਲ ਸੈਕਟਰ-70 ਮੁਹਾਲੀ) ਦੇ ਮਾਲਕ ਸੌਰਵ ਪੁੱਤਰ ਹਰਬੀਰ ਵਾਸੀ ਮ. ਨੰ. 558 ਸੈਕਟਰ-70 ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 4 ਸਤੰਬਰ 2030 ਤੱਕ ਸੀ। ਇਸੇ ਤਰ੍ਹਾਂ ਸੈਟਲਵੇਵ ਕੰਸਲਟੈਂਟਸ ਫਰਮ (ਐਸ. ਸੀ. ਓ. ਨੰ: 538 ਪਹਿਲੀ ਮੰਜ਼ਿਲ ਸੈਕਟਰ-70 ਮੁਹਾਲੀ) ਦੇ ਮਾਲਕ ਪੁਸ਼ਪਿੰਦਰ ਸਿੰਘ ਮੂਲ ਵਾਸੀ ਧਨੌਲਾ ਜ਼ਿਲ੍ਹਾ ਬਰਨਾਲਾ ਤੇ ਹਾਲ ਵਾਸੀ ਫਲੈਟ ਨੰ. 208 ਟਾਵਰ ਨੰ. 4 ਮੋਤੀਆ ਰਾਇਲ ਫੇਮ-2 ਸੈਕਟਰ-117 ਖਰੜ ਜ਼ਿਲ੍ਹਾ ਮੁਹਾਲੀ) ਅਤੇ ਸੰਨੀ ਕੁਮਾਰ ਮੂਲ ਵਾਸੀ ਪਿੰਡ ਦੋਹੜੂ ਜ਼ਿਲ੍ਹਾ ਬਿਲਾਸਪੁਰ ਤੇ ਹਾਲ ਵਾਸੀ ਫਲੈਟ ਨੰ. 208 ਟਾਵਰ ਨੰ. 4 ਮੋਤੀਆ ਰਾਇਲ ਫੇਮ-2 ਸੈਕਟਰ-117 ਖਰੜ ਜ਼ਿਲ੍ਹਾ ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 28 ਅਕਤੂਬਰ 2029 ਤੱਕ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਫਰਮਾਂ ਲਈ ਐਕਟ ਅਤੇ ਰੂਲਾਂ ਅਨੁਸਾਰ ਆਪਣੇ ਕੰਮਾਂ ਸੰਬੰਧੀ ਮਹੀਨਾਵਾਰ ਰਿਪੋਰਟਾਂ ਅਤੇ ਮਾਸਿਕ ਸਵੈ-ਘੋਸ਼ਣਾ ਪੱਤਰ ਇਸ ਦਫ਼ਤਰ ਨੂੰ ਭੇਜਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ਛਿਮਾਹੀ ਰਿਪੋਰਟਾਂ ਗ੍ਰਹਿ ਮਾਮਲੇ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਭੇਜਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਫਰਮ ਨੂੰ ਇਸ ਸੰਬੰਧੀ ਸਮੇਂ-ਸਮੇਂ ‘ਤੇ ਨੋਟਿਸ ਜਾਰੀ ਕਰਕੇ ਲੋੜੀਂਦੀਆਂ ਰਿਪੋਰਟਾਂ ਅਤੇ ਸਵੈ-ਘੋਸ਼ਣਾ ਫਾਰਮ ਪੇਸ਼ ਕਰਨ ਦੀ ਹਦਾਇਤਾਂ ਕੀਤੀਆਂ ਗਈਆਂ ਸਨ, ਪਰ ਫਰਮਾਂ ਵਲੋਂ ਲੋੜੀਂਦੀਆਂ ਮਹੀਨਾਵਾਰ ਰਿਪੋਰਟਾਂ ਅਤੇ ਮਾਸਿਕ ਸਵੈ-ਘੋਸ਼ਣਾ ਪੱਤਰ ਇਸ ਦਫ਼ਤਰ ਨੂੰ ਪੇਸ਼ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਨਿਰਧਾਰਤ ਛਿਮਾਹੀ ਰਿਪੋਰਟਾਂ ਸੰਬੰਧੀ ਵੀ ਕੋਈ ਜਾਣਕਾਰੀ ਇਸ ਦਫ਼ਤਰ ਨੂੰ ਪੇਸ਼ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਤੱਥਾਂ ਦੇ ਸਨਮੁੱਖ ਦੋਵਾਂ ਫਰਮਾਂ ਵਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਅਤੇ ਇਸ ਤਹਿਤ ਬਣਾਏ ਗਏ ਰੂਲਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਕਾਰਨ ਐਕਟ ਦੇ ਸੈਕਸ਼ਨ 6 (1) (ਈ) ਤਹਿਤ ਕਰਵਾਈ ਕਰਦਿਆਂ ਇਨ੍ਹਾਂ ਫਰਮਾਂ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਰੂਲਜ਼ ਮੁਤਾਬਿਕ ਜੇਕਰ ਭਵਿੱਖ ‘ਚ ਉਕਤ ਫਰਮਾਂ/ਲਾਇਸੰਸੀਆਂ ਖ਼ਿਲਾਫ਼ ਕੋਈ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਫਰਮਾਂ/ਲਾਇਸੰਸੀ ਹੀ ਜ਼ਿੰਮੇਵਾਰ ਹੋਣਗੇ।