ਭਾਜਪਾ ਕੌਂਸਲਰ ਗੁਰਬਖਸ਼ ਰਾਵਤ ਨੇ ਢੀਂਗਰਾ ਖਿਲਾਫ਼ ਨਿੰਦਾ ਪ੍ਰਸਤਾਵ ਲਿਆਉਣ ਦੀ ਕੀਤੀ ਸੀ ਮੰਗ


ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਸਾਲਿਡ ਵੇਸਟ ਮੈਨੇਜਮੈਂਟ ਬਾਈਲਾਜ਼-2026 ਨੂੰ ਮਨਜ਼ੂਰੀ ਦੇ ਦਿੱਤੀ ਗਈ। ਨਵੇਂ ਬਾਈਲਾਜ਼ ਲਾਗੂ ਹੋਣ ਦੇ ਬਾਵਜੂਦ ਠੋਸ ਕੂੜਾ ਪ੍ਰਬੰਧਨ ਸਬੰਧੀ ਮੌਜੂਦਾ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਵਸੂਲੀ ਪੁਰਾਣੀਆਂ ਦਰਾਂ ਅਨੁਸਾਰ ਹੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਦੇ ਨਵੇਂ ਠੇਕੇ ਲਈ ਟੈਂਡਰ ਜਾਰੀ ਕਰਨ ਦੇ ਏਜੰਡੇ ਨੂੰ ਵੀ ਹਾਊਸ ਨੇ ਮਨਜ਼ੂਰੀ ਦੇ ਦਿੱਤੀ। ਮੀਟਿੰਗ ਸ਼ੁਰੂ ਹੁੰਦਿਆਂ ਹੀ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਨੇ ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਵਿਰੁੱਧ ਨਿੰਦਾ ਮਤਾ ਲਿਆਂਦਾ। ਰਾਵਤ ਨੇ ਦੋਸ਼ ਲਗਾਇਆ ਕਿ ਢੀਂਗਰਾ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਕੌਂਸਲਰਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਹਾਊਸ ਦਾ ਅਕਸ ਖ਼ਰਾਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਜੰਡੇ ਪਾਸ ਕਰਵਾਉਣ ਦੇ ਨਾਂਅ ‘ਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਲਗਾਏ ਦੋਸ਼ਾਂ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ।ਦੂਜੇ ਪਾਸੇ ਯੋਗੇਸ਼ ਢੀਂਗਰਾ ਨੇ ਆਪਣੇ ਦੋਸ਼ਾਂ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਸਬੂਤਾਂ ਵਾਲੀ ਪੈੱਨ ਡਰਾਈਵ ਵਿਸਥਾਰਤ ਸ਼ਿਕਾਇਤ ਸਮੇਤ ਚੰਡੀਗੜ੍ਹ ਦੇ ਡੀ.ਜੀ.ਪੀ. ਕੋਲ ਜਮ੍ਹਾਂ ਕਰਵਾਈ ਗਈ ਹੈ ਅਤੇ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ‘ਆਪ’ ਕੌਂਸਲਰਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਦੌਰਾਨ ਭਾਜਪਾ ਕੌਂਸਲਰਾਂ ਵਲੋਂ ਹਾਊਸ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਕਾਰਨ ਕਾਰਵਾਈ ਪ੍ਰਭਾਵਿਤ ਹੋਈ। ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਕਿਸੇ ਵੀ ਕੌਂਸਲਰ ਨੂੰ ਬਿਨਾਂ ਆਧਾਰ ਦੋਸ਼ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਢੀਂਗਰਾ ਨੂੰ ਹਾਊਸ ਤੋਂ ਮੁਆਫ਼ੀ ਮੰਗਣ ਅਤੇ ਆਪਣੇ ਦੋਸ਼ਾਂ ਦੇ ਸਬੂਤ ਪੇਸ਼ ਕਰਨ ਲਈ ਕਿਹਾ। ਮੇਅਰ ਨੇ ਕਿਹਾ ਕਿ ਜੇਕਰ ਪੈੱਨ ਡਰਾਈਵ ਵਿਚ ਸਬੂਤ ਹਨ ਤਾਂ ਉਸ ਨੂੰ ਹਾਊਸ ਵਿਚ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਮੇਅਰ ਵਲੋਂ ਇਕ ਆਡੀਓ ਵੀ ਚਲਾਈ ਗਈ, ਜਿਸ ਵਿਚ ਢੀਂਗਰਾ ਵਲੋਂ ਪੰਜ ਕੌਂਸਲਰਾਂ ਦਾ ਜ਼ਿਕਰ ਕਰਨ ਦਾ ਦਾਅਵਾ ਕੀਤਾ ਗਿਆ। ਮੇਅਰ ਨੇ ਉਨ੍ਹਾਂ ਨੂੰ ਪੰਜ ਕੌਂਸਲਰਾਂ ਦੇ ਨਾਂਅ ਦੱਸਣ ਲਈ ਸਮਾਂ ਦਿੱਤਾ। ਢੀਂਗਰਾ ਨੇ ਇਸ ਦੇ ਜਵਾਬ ਵਿਚ ਡੀ.ਜੀ.ਪੀ. ਨੂੰ ਦਿੱਤੀ ਸ਼ਿਕਾਇਤ ਹਾਊਸ ਵਿਚ ਪੜ੍ਹ ਕੇ ਸੁਣਾਈ। ਬਾਅਦ ਵਿਚ ਪੰਜ ਕੌਂਸਲਰਾਂ ਦੇ ਨਾਂ ਨਾ ਦੱਸੇ ਜਾਣ ’ਤੇ ਮੇਅਰ ਨੇ ਮਿਊਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 62 ਤਹਿਤ ਢੀਂਗਰਾ ਨੂੰ ਚਿਤਾਵਨੀ ਜਾਰੀ ਕੀਤੀ। ਭਾਜਪਾ ਕੌਂਸਲਰਾਂ ਵਲੋਂ ਮੁਅੱਤਲੀ ਦੀ ਮੰਗ ਕੀਤੇ ਜਾਣ ਤੋਂ ਬਾਅਦ ਇਸ ਸਬੰਧੀ ਵੋਟਿੰਗ ਕਰਵਾਈ ਗਈ, ਜਿਸ ਉਪਰੰਤ ਢੀਂਗਰਾ ਨੂੰ ਹਾਊਸ ਤੋਂ ਮੁਅੱਤਲ ਕਰ ਦਿੱਤਾ ਗਿਆ। ਨਹੀਂ ਵਧਾਈਆਂ ਗਈਆਂ ਸਾਲਿਡ ਵੇਸਟ ਮੈਨੇਜਮੈਂਟ ਦੀਆਂ ਦਰਾਂ ਨਗਰ ਨਿਗਮ ਨੇ ਕੇਂਦਰੀ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਲੋਂ ਨੋਟੀਫਾਈ ਕੀਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਦੇ ਅਨੁਕੂਲ ਨਵੇਂ ਬਾਈਲਾਜ਼ ਤਿਆਰ ਕੀਤੇ ਹਨ। ਇਨ੍ਹਾਂ ਦਾ ਉਦੇਸ਼ ਕੂੜਾ ਪ੍ਰਬੰਧਨ ਨਾਲ ਸਬੰਧਿਤ ਪ੍ਰਬੰਧਾਂ ਨੂੰ ਨਵੇਂ ਕੇਂਦਰੀ ਨਿਯਮਾਂ ਦੇ ਅਨੁਕੂਲ ਬਣਾਉਣਾ ਹੈ। ਹਾਊਸ ਨੇ ਨਵੇਂ ਬਾਈਲਾਜ਼ ਨੂੰ ਮਨਜ਼ੂਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਮੌਜੂਦਾ ਵਸੂਲੀ ਦਰਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ। 20 ਹਜ਼ਾਰ ਲੀਟਰ ਪਾਣੀ ਤੇ ਮੁਫ਼ਤ ਪਾਰਕਿੰਗ ਦੇ ਮੁੱਦੇ ’ ਤੇ ‘ ਆਪ ’ ਕੌਂਸਲਰਾਂ ਦੀ ਨਾਅਰੇਬਾਜ਼ੀ ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ 20 ਹਜ਼ਾਰ ਲੀਟਰ ਮੁਫ਼ਤ ਪਾਣੀ ਅਤੇ ਮੁਫ਼ਤ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਹੰਗਾਮਾ ਕਰਦਿਆਂ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕੀਤੀ। ‘ਆਪ’ ਕੌਂਸਲਰਾਂ ਨੇ ਕਿਹਾ ਕਿ ਸ਼ਹਿਰਵਾਸੀਆਂ ਨਾਲ ਸਬੰਧਿਤ ਇਨ੍ਹਾਂ ਮੁੱਦਿਆਂ ’ਤੇ ਨਿਗਮ ਹਾਊਸ ਵਿਚ ਸਪੱਸ਼ਟ ਚਰਚਾ ਹੋਣੀ ਚਾਹੀਦੀ ਹੈ। ਕੌਂਸਲਰਾਂ ਨੇ 20 ਹਜ਼ਾਰ ਲੀਟਰ ਪਾਣੀ ਦੀ ਸਹੂਲਤ ਨੂੰ ਸ਼ਹਿਰ ਦੇ ਘਰੇਲੂ ਖਪਤਕਾਰਾਂ ਨਾਲ ਸਬੰਧਿਤ ਅਹਿਮ ਮੁੱਦਾ ਦੱਸਦਿਆਂ ਇਸ ਨੂੰ ਲਾਗੂ ਕਰਨ ਸਬੰਧੀ ਆਪਣਾ ਪੱਖ ਰੱਖਿਆ। ਇਸ ਦੇ ਨਾਲ ਹੀ ਪਾਰਕਿੰਗ ਫੀਸ ਦਾ ਮੁੱਦਾ ਵੀ ਉਠਾਇਆ ਗਿਆ ਅਤੇ ਸ਼ਹਿਰਵਾਸੀਆਂ ਲਈ ਮੁਫ਼ਤ ਪਾਰਕਿੰਗ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਹਾਊਸ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਕੌਂਸਲਰਾਂ ਵਿਚਕਾਰ ਤਕਰਾਰ ਅਤੇ ਨਾਅਰੇਬਾਜ਼ੀ ਕਾਰਨ ਕਈ ਵਾਰ ਮਾਹੌਲ ਤਣਾਅਪੂਰਨ ਰਿਹਾ।