ਐੱਸ. ਏ. ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਜੇਕਰ ਗਮਾਡਾ ਆਪਣੀ ਪਹਿਲਾਂ ਗ੍ਰਹਿਣ ਕੀਤੀ ਜ਼ਮੀਨ ਦੀ ਸਹੀ ਵਰਤੋਂ ਕਰੇ ਤਾਂ ਨਵੀਂ ਖੇਤੀਬਾੜੀ ਯੋਗ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਆਪਣੀ ਮੌਜੂਦਾ ਖਾਲੀ ਪਈ ਜ਼ਮੀਨ ਦੀ ਪਹਿਲਾਂ ਪੂਰੀ ਵਰਤੋਂ ਅਤੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਆਪਣੀ ਕਾਰਜ-ਪ੍ਰਣਾਲੀ ਅਤੇ ਪਲਾਨਿੰਗ ਦੇ ਤਰੀਕਿਆਂ ਵਿਚ ਬਦਲਾਅ ਲਿਆਉਣ ਦੀ ਲੋੜ ਹੈ। ਵਿਕਾਸ ਦੀ ਯੋਜਨਾਬੰਦੀ ਸਿਰਫ਼ ਨਵੀਂ ਜ਼ਮੀਨ ਹਾਸਿਲ ਕਰਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਬਲਕਿ ਪਹਿਲਾਂ ਤੋਂ ਮੌਜੂਦ ਸਰਕਾਰੀ ਜ਼ਮੀਨ, ਖਾਲੀ ਪਲਾਟਾਂ ਅਤੇ ਲੰਬੇ ਸਮੇਂ ਤੋਂ ਅਣਵਰਤੀ ਜ਼ਮੀਨ ਨੂੰ ਵਿਕਸਿਤ ਕਰਨ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜਿਸ ਮਕਸਦ ਵਾਸਤੇ ਗ੍ਰਹਿਣ ਕੀਤੀ ਹੈ, ਉਸ ਦੀ ਵਰਤੋਂ ਉਸ ਮਕਸਦ ਲਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਮਾਡਾ ਲੋਕਾਂ ਦੀਆਂ ਦਹਾਕਿਆਂ ਤੋਂ ਲੰਬਿਤ ਪਈਆਂ ਬੁਨਿਆਦੀ ਲੋੜਾਂ ਅਤੇ ਸ਼ਿਕਾਇਤਾਂ ਨੂੰ ਅੱਜ ਤੱਕ ਹੱਲ ਨਹੀਂ ਕਰ ਸਕਿਆ, ਜਦਕਿ ਵੱਡੇ ਬਿਲਡਰਾਂ ਦੇ ਕੰਮ ਕਰਨ ਲਈ ਗਮਾਡਾ ਹਮੇਸ਼ਾ ਤੱਤਪਰ ਰਹਿੰਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਮਾਡਾ ਨੇ ਲੋਕ ਹਿੱਤ ਵਿਚ ਕੰਮ ਕਰਨੇ ਸ਼ੁਰੂ ਨਾ ਕੀਤੇ ਤਾ ਗਮਾਡਾ ਅਧਿਕਾਰੀਆਂ ਖ਼ਿਲਾਫ਼ ਵਿਆਪਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਵਾਸਤੇ ਲੋਕਾਂ ਦੀ ਲਾਮਬੰਦੀ ਸ਼ੁਰੂ ਹੋ ਚੁੱਕੀ ਹੈ।