27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਫ਼ਤਹਿ ਬੁਰਜ , ਚੱਪੜਚਿੜੀ ਤੋਂ ਵਿਸ਼ਵ ਸੈਰ - ਸਪਾਟਾ ਦਿਵਸ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 28-09-2026
ਐੱਸ. ਏ. ਐੱਸ. ਨਗਰ, 27 ਸਤੰਬਰ (ਪ੍ਰੋ. ਅਵਤਾਰ ਸਿੰਘ)-ਵਿਸ਼ਵ ਸੈਰ-ਸਪਾਟਾ ਦਿਵਸ-2026 ਦੇ ਜਸ਼ਨਾਂ ਤਹਿਤ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਵਲੋਂ ਕਰਵਾਈ ਗਈ ਮੋਟਰਸਾਈਕਲ ਰੈਲੀ ਨੂੰ ਅੱਜ ਇਤਿਹਾਸਕ ਫਤਿਹ ਬੁਰਜ, ਚੱਪੜ ਚਿੜੀ ਤੋਂ ਡਿਪਟੀ ਕਮਿਸ਼ਨਰ ਮੁਹਾਲੀ, ਕੋਮਲ ਮਿੱਤਲ ਆਈ. ਏ. ਐਸ. ਅਤੇ ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਪੰਜਾਬ ਸੰਜੀਵ ਕੁਮਾਰ ਤਿਵਾੜੀ ਆਈ. ਐਫ. ਐੱਸ. ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੋਟਰਸਾਈਕਲ ਰੈਲੀ ਵਿਸ਼ਵ ਸੈਰ-ਸਪਾਟਾ ਦਿਵਸ-2026 ਦੇ ਜਸ਼ਨਾਂ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਪੰਜਾਬ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਨੂੰ ਲੋਕਾਂ ਨਾਲ ਜੋੜਨਾ ਅਤੇ ਵਿਸ਼ੇਸ਼ ਤੌਰ ’ਤੇ ਵਾਤਾਵਰਨ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਰੈਲੀ ਸਵੇਰੇ 6.30 ਵਜੇ ਚੱਪੜ ਚਿੜੀ ਤੋਂ ਸ਼ੁਰੂ ਹੋ ਕੇ ਬਲਾਚੌਰ ਰਾਹੀਂ ਨੇਚਰ ਰਿਟ੍ਰੀਟ ਚੌਹਾਲ ਹੁਸ਼ਿਆਰਪੁਰ ਵੱਲ ਰਵਾਨਾ ਹੋਈ। ਇਸ ਦੌਰਾਨ ਰੈਲੀ ਨੇ ਮੁਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚੋਂ ਲੰਘਦਿਆਂ ਆਪਣਾ ਸਫ਼ਰ ਤੈਅ ਕੀਤਾ। ਇਸ ਵਿਚ ਲਗਭਗ 50 ਤੋਂ 60 ਮੋਟਰਸਾਈਕਲ ਸਵਾਰਾਂ ਸਮੇਤ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਕੁੱਲ ਭਾਗੀਦਾਰੀ ਲਗਭਗ 70 ਤੋਂ 75 ਵਿਅਕਤੀਆਂ ਦੀ ਰਹੀ, ਜਿਸ ਵਿਚ ਪਿੱਛੇ ਬੈਠਣ ਵਾਲੇ ਸਵਾਰ ਵੀ ਸ਼ਾਮਿਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਆਈ. ਏ. ਐਸ. ਨੇ ਕਿਹਾ ਕਿ ਪੰਜਾਬ ਦਾ ਸੈਰ-ਸਪਾਟਾ ਖੇਤਰ ਸਿਰਫ਼ ਪ੍ਰਸਿੱਧ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਤੱਕ ਸੀਮਿਤ ਨਹੀਂ, ਸਗੋਂ ਸੂਬੇ ਦੀ ਕੁਦਰਤੀ ਸੁੰਦਰਤਾ, ਸੱਭਿਆਚਾਰਕ ਵਿਰਾਸਤ ਅਤੇ ਵਿਲੱਖਣ ਸੈਰ-ਸਪਾਟਾ ਅਨੁਭਵ ਵੀ ਇਸ ਦੀ ਅਹਿਮ ਪਛਾਣ ਹਨ। ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਪੰਜਾਬ ਸੰਜੀਵ ਕੁਮਾਰ ਤਿਵਾੜੀ ਆਈ. ਐਫ. ਐੱਸ. ਨੇ ਕਿਹਾ ਕਿ ਵਿਸ਼ਵ ਸੈਰ-ਸਪਾਟਾ ਦਿਵਸ ਮੋਟਰਸਾਈਕਲ ਸਵਾਰੀ ਦਾ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੇ ਵੱਖ-ਵੱਖ ਸਥਾਨਾਂ ਨਾਲ ਦਿਲਚਸਪ ਅਤੇ ਅਮਲੀ ਢੰਗ ਨਾਲ ਜੋੜਨਾ ਹੈ। ਰੈਲੀ ਦੀ ਰਵਾਨਗੀ ਤੋਂ ਪਹਿਲਾਂ ਸਾਰੇ ਭਾਗੀਦਾਰਾਂ ਨੂੰ ਆਵਾਜਾਈ ਨਿਯਮਾਂ, ਸੜਕ ਸੁਰੱਖਿਆ, ਅਨੁਸ਼ਾਸਿਤ ਢੰਗ ਨਾਲ ਮੋਟਰਸਾਈਕਲ ਚਲਾਉਣ ਅਤੇ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸ਼ੁਰੂਆਤੀ ਸਥਾਨ ’ਤੇ ਰਜਿਸਟ੍ਰੇਸ਼ਨ, ਜਾਣ-ਪਛਾਣ ਅਤੇ ਹਲਕੇ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਗਿਆ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨਾਂ, ਆਵਾਜਾਈ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਲੋੜੀਂਦਾ ਤਾਲਮੇਲ ਕੀਤਾ ਗਿਆ ਤਾਂ ਜੋ ਰੈਲੀ ਦੀ ਸੁਰੱਖਿਅਤ ਅਤੇ ਸੁਚੱਜੀ ਆਵਾਜਾਈ ਯਕੀਨੀ ਬਣਾਈ ਜਾ ਸਕੇ। ਰਸਤੇ ਵਿਚ ਲੋੜ ਅਨੁਸਾਰ ਆਵਾਜਾਈ ਪ੍ਰਬੰਧ ਅਤੇ ਸੜਕ ਸੁਰੱਖਿਆ ਸੰਬੰਧੀ ਪ੍ਰਬੰਧ ਕੀਤੇ ਗਏ, ਜਦਕਿ ਆਮ ਆਵਾਜਾਈ ਨੂੰ ਬੇਲੋੜੀ ਪ੍ਰਭਾਵਿਤ ਹੋਣ ਤੋਂ ਬਚਾਇਆ ਗਿਆ। ਨੇਚਰ ਰਿਟ੍ਰੀਟ ਚੌਹਾਲ ਹੁਸ਼ਿਆਰਪੁਰ ਵੱਲ ਰਵਾਨਾ ਹੋਈ ਇਸ ਮੋਟਰਸਾਈਕਲ ਰੈਲੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਨੂੰ ਵਿਲੱਖਣ ਅਨੁਭਵ ਨਾਲ ਜੋੜਦਿਆਂ ਪੰਜਾਬ ਦੇ ਕੁਦਰਤੀ, ਵਾਤਾਵਰਨ-ਅਨੁਕੂਲ ਅਤੇ ਸਾਹਸੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਜਾਗਰ ­ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਰੇਕ ਵਰਕਰ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁ... ਅਗਲੀ ਖ਼ਬਰ ਡੇਰਾਬੱਸੀ ਦੇ ਪਿੰਡ ਭਗਵਾਨਪੁਰ ਨੇੜੇ ਫੈਕਟਰੀਆਂ ਫੈਲਾ ਰਹੀਆਂ ਸ਼ਰੇਆਮ ਪ੍ਰਦੂਸ਼ਣ ਬੈਟਰੀਆਂ ਵਾਲੀ ਫੈਕਟਰੀ ’ਤੇ ਖੁੱਲ੍ਹੇ ਵਿ...
Ad Position 24