ਐੱਸ. ਏ. ਐੱਸ. ਨਗਰ, 2 ਅਕਤੂਬਰ (ਕਪਿਲ ਵਧਵਾ)-ਬਰਖ਼ਾਸਤ ਏ. ਆਈ. ਜੀ. ਰਾਜਜੀਤ ਸਿੰਘ ਨੂੰ ਤਿੰਨ ਦਿਨਾਂ ਦਾ ਰਿਮਾਂਡ ਖ਼ਤਮ ਹੋਣ ‘ਤੇ ਅੱਜ ਏ. ਐੱਨ. ਟੀ. ਐੱਫ. ਵਲੋਂ ਮੁੜ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਏ. ਐੱਨ. ਟੀ. ਐੱਫ. ਨੇ ਸਾਲ 2017 ਵਿਚ ਐੱਸ. ਟੀ. ਐੱਫ. ਵਲੋਂ ਦਰਜ ਐੱਫ. ਆਈ. ਆਰ. ਨੰ. 1 ‘ਚ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਮੁੱਖ ਸਾਜਿਸ਼ਕਰਤਾ ਵਜੋਂ ਪਾਈ। ਜ਼ਿਕਰਯੋਗ ਹੈ ਕਿ 24 ਸਤੰਬਰ ਦੀ ਰਾਤ ਨੂੰ ਰਾਜਜੀਤ ਸਿੰਘ ਨੂੰ ਸਾਲ 2023 ਵਿਚ ਦਰਜ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। ਰਿਮਾਂਡ ਦੌਰਾਨ ਜਾਂਚ ਟੀਮ ਵਲੋਂ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਗਈ ਸੀ। ਹੁਣ ਸਾਲ 2017 ਵਾਲੇ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਅਗਲੀ ਅਦਾਲਤੀ ਕਾਰਵਾਈ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਦਾਲਤ ਵਿਚ ਪੁਲਿਸ ਵਲੋਂ ਮੰਗੇ ਗਏ 7 ਦਿਨਾਂ ਦੇ ਰਿਮਾਂਡ ਦਾ ਵਿਰੋਧ ਕਰਨ ਲਈ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਪੇਸ਼ ਹੋਏ। ਆਖ਼ਿਰ ਦੋਵਾਂ ਧਿਰਾਂ ਦੀਆ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਰਾਜਜੀਤ ਸਿੰਘ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਇਸ ਮਾਮਲੇ ਦੀ ਜਾਂਚ ਕਿਸੇ ਹੋਰ ਏਜੰਸੀ ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਮਾਮਲੇ ਦਾ ਨਿਪਟਾਰਾ ਸੁਪਰੀਮ ਕੋਰਟ ਵਲੋਂ 1 ਅਕਤੂਬਰ ਨੂੰ ਕੀਤਾ ਜਾ ਚੁੱਕਾ ਹੈ। 02 ਐਮਓਐਚ 14 ਬਰਖ਼ਾਸਤ ਏ.ਆਈ.ਜੀ. ਰਾਜਜੀਤ ਸਿੰਘ।