ਐੱਸ. ਏ. ਐੱਸ. ਨਗਰ, 5 ਅਕਤੂਬਰ (ਕਪਿਲ ਵਧਵਾ)- ਸਾਈਬਰ ਠੱਗਾਂ ਵਲੋਂ ਬੈਂਕ ਅਧਿਕਾਰੀ ਬਣ ਕੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਤੇ ਜ਼ੀਰਕਪੁਰ ਵਿਚ ਵਾਪਰੀਆਂ ਇਨ੍ਹਾਂ ਦੋਵੇਂ ਘਟਨਾਵਾਂ ਵਿਚ ਮੁਲਜ਼ਮਾਂ ਨੇ ਵੱਖ-ਵੱਖ ਬਹਾਨਿਆਂ ਨਾਲ 2.07 ਲੱਖ ਰੁ. ਦੀ ਠੱਗੀ ਮਾਰੀ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਿਮਿਟ ਵਧਾਉਣ ਦਾ ਝਾਂਸਾ ਦੇ ਕੇ 1 ਲੱਖ ਰੁ. ਕਢਵਾਏ ਢਕੋਲੀ ਦੇ ਨਿਊ ਜਨਰੇਸ਼ਨ ਅਪਾਰਟਮੈਂਟ ਵਾਸੀ ਰਾਜਵੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 31 ਅਗਸਤ ਨੂੰ ਉਸ ਨੂੰ ਵ੍ਹਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਐੱਚ. ਐੱਸ. ਬੀ. ਸੀ. ਬੈਂਕ ਦਾ ਅਧਿਕਾਰੀ ਦੱਸਦਿਆਂ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਦੀ ਗੱਲ ਕੀਤੀ। ਮੁਲਜ਼ਮ ਨੇ ਉਸ ਨੂੰ ਫੋਨ ’ਤੇ ਤਿੰਨ ਬਿੰਦੂਆਂ ’ਤੇ ਕਲਿੱਕ ਕਰਨ ਲਈ ਕਿਹਾ, ਜਿਸ ਤੋਂ ਬਾਅਦ ਫੋਨ ਦੀ ਸਕ੍ਰੀਨ ਸ਼ੇਅਰ ਹੋ ਗਈ। ਇਸ ਦੌਰਾਨ ਉਸ ਦੇ ਕ੍ਰੈਡਿਟ ਕਾਰਡ ਤੋਂ 1 ਲੱਖ ਰੁ. ਕਢਵਾ ਲਏ ਗਏ। 1019 ਰੁ. ਵਾਪਸ ਕਰਨ ਦੇ ਬਹਾਨੇ 1.07 ਲੱਖ ਦੀ ਠੱਗੀ ਖਰੜ ਦੇ ਸਨੀ ਇੰਨਕਲੇਵ ਸਥਿਤ ਜਲਵਾਯੂ ਟਾਵਰ ਵਾਸੀ ਸ਼ੁਭਮ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਕਾਲ ਕਰਕੇ ਮੁਲਜ਼ਮ ਨੇ ਆਪਣੇ ਆਪ ਨੂੰ ਏ. ਯੂ. ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਦਾ ਕਰਮਚਾਰੀ ਦੱਸਿਆ। ਉਸ ਨੇ ਕਿਹਾ ਕਿ ਕਾਰਡ ਤੋਂ ਕੱਟੇ 1019 ਰੁ. ਵਾਪਸ ਕੀਤੇ ਜਾਣੇ ਹਨ। ਇਸ ਤੋਂ ਬਾਅਦ ਮੁਲਜ਼ਮ ਨੇ ਇਕ ਲਿੰਕ ਭੇਜਿਆ। ਸ਼ੁਭਮ ਸਿੰਘ ਵਲੋਂ ਵੈੱਬਸਾਈਟ ’ਤੇ ਕਾਰਡ ਦੀ ਜਾਣਕਾਰੀ ਭਰਨ ਅਤੇ ਓ. ਟੀ. ਪੀ. ਸਾਂਝਾ ਕਰਨ ਤੋਂ ਬਾਅਦ 76,840 ਰੁ ਅਤੇ 30,981 ਰੁ. ਦੇ ਦੋ ਟ੍ਰਾਂਜੈਕਸ਼ਨ ਹੋ ਗਏ। ਕੁੱਲ 1,07,821 ਰੁ. ਦੀ ਠੱਗੀ ਹੋਈ। ਪੁਲਿਸ ਵਲੋਂ ਮੁਲਜ਼ਮਾਂ ਦੇ ਮੋਬਾਈਲ ਨੰਬਰਾਂ, ਲਿੰਕਾਂ ਅਤੇ ਟ੍ਰਾਂਜੈਕਸ਼ਨਾਂ ਦੀ ਜਾਂਚ ਕੀਤੀ ਜਾ ਰਹੀ ਹੈ।