ਐੱਸ. ਏ. ਐੱਸ. ਨਗਰ, 8 ਅਕਤੂਬਰ (ਕਪਿਲ ਵਧਵਾ)-ਸਾਈਬਰ ਠੱਗੀ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਦੋ ਮਾਮਲਿਆਂ ਵਿਚ ਪੁਲਿਸ ਤੇ ਸਰਕਾਰੀ ਅਧਿਕਾਰੀ ਬਣ ਕੇ ਡਰਾਉਣ-ਧਮਕਾਉਣ ਅਤੇ ਆਨਲਾਈਨ ਇਸ਼ਤਿਹਾਰ ਰਾਹੀਂ ਸਸਤਾ ਇਲੈਕਟ੍ਰਿਕ ਸਕੂਟਰ ਦੇਣ ਦਾ ਝਾਂਸਾ ਦੇ ਕੇ ਦੋ ਔਰਤਾਂ ਨਾਲ ਕਰੀਬ 10.10 ਲੱਖ ਰੁ . ਦੀ ਠੱਗੀ ਮਾਰ ਲਈ ਗਈ। ਥਾਣਾ ਸਾਈਬਰ ਕ੍ਰਾਈਮ ਮੁਹਾਲੀ ਵਲੋਂ ਦੋਵਾਂ ਮਾਮਲਿਆਂ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਮਾਮਲੇ ਵਿਚ ਫੇਜ਼-4 ਦੀ ਰਹਿਣ ਵਾਲੀ 76 ਸਾਲਾ ਬਜ਼ੁਰਗ ਰੁਪਿੰਦਰਪਾਲ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਬੀਤੀ 25 ਅਗਸਤ ਨੂੰ ਉਸ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਵਟਸਐਪ ਵੀਡੀਓ ਕਾਲਾਂ ਆਈਆਂ। ਕਾਲ ਕਰਨ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਸੰਦੀਪ ਕੁਮਾਰ ਵਲੋਂ ਸੁਪਰੀਮ ਕੋਰਟ ਵਿਚ 70 ਕਰੋੜ ਰੁ. ਦੀ ਮਨੀ ਲਾਂਡਰਿੰਗ ਕੀਤੀ ਗਈ ਹੈ ਅਤੇ ਉਸ ‘ਚੋਂ 10 ਫ਼ੀਸਦੀ ਕਮਿਸ਼ਨ ਉਸ ਨੂੰ ਮਿਲਿਆ ਹੈ। ਮੁਲਜ਼ਮਾਂ ਨੇ ਪੁਲਿਸ ਕੇਸ ਵਿਚ ਫਸਾਉਣ ਅਤੇ ਉਸ ਦੇ ਬੱਚਿਆਂ ਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਕੇ ਉਸ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਇਸ ਤੋਂ ਬਾਅਦ ਆਪਣੇ ਆਪ ਨੂੰ ਸੁਨੀਲ ਕੁਮਾਰ ਆਈ. ਪੀ. ਐੱਸ. ਦੱਸਣ ਵਾਲੇ ਵਿਅਕਤੀ ਨੇ ਵੀਡੀਓ ਕਾਲ ਰਾਹੀਂ ਉਸ ਤੋਂ ਬੈਂਕ ਖਾਤਿਆਂ, ਸੋਨੇ ਅਤੇ ਜਾਇਦਾਦ ਬਾਰੇ ਜਾਣਕਾਰੀ ਹਾਸਿਲ ਕੀਤੀ। ਮੁਲਜ਼ਮਾਂ ਦੇ ਕਹਿਣ ‘ਤੇ ਉਸ ਨੇ ਬੈਂਕ ਆਫ਼ ਇੰਡੀਆ ਦੇ ਐੱਨ. ਆਰ. ਆਈ. ਖਾਤੇ ‘ਚੋਂ 9 ਲੱਖ ਰੁ. ਯੈੱਸ ਬੈਂਕ ਦੇ ਖਾਤੇ ਵਿਚ ਆਰ. ਟੀ. ਜੀ. ਐੱਸ. ਰਾਹੀਂ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਉਸ ਨੂੰ 15.68 ਲੱਖ ਰੁ. ਹੋਰ ਪਾਉਣ ਲਈ ਕਿਹਾ ਗਿਆ, ਪਰ ਇਹ ਰਕਮ ਟਰਾਂਸਫਰ ਨਹੀਂ ਹੋ ਸਕੀ। ਮੁਲਜ਼ਮਾਂ ਦੇ ਕਹਿਣ ‘ਤੇ ਉਸ ਨੇ ਕਲਿਆਣ ਜਿਊਲਰਜ਼ ਕੋਲ ਜਾ ਕੇ ਆਪਣਾ ਸੋਨਾ ਵੀ ਵੇਚ ਦਿੱਤਾ। ਬਾਅਦ ਵਿਚ ਉਸ ਨੇ ਆਪਣੇ ਪੁੱਤਰ ਨੂੰ ਸਾਰੀ ਗੱਲ ਦੱਸੀ, ਜਿਸ ਨੇ ਉਸ ਨੂੰ ਪੁਲਿਸ ਰਿਪੋਰਟ ਕਰਨ ਲਈ ਕਿਹਾ। ਦੂਜੇ ਮਾਮਲੇ ਵਿਚ ਸੰਨੀ ਇਨਕਲੇਵ ਸੈਕਟਰ-125 ਖਰੜ ਦੀ ਰਹਿਣ ਵਾਲੀ 72 ਸਾਲਾ ਰਣਜੀਤਾ ਮਰਵਾਹਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਬਿਮਾਰ ਪਤੀ ਲਈ ਤਿੰਨ ਪਹੀਆ ਇਲੈਕਟ੍ਰਿਕ ਸਕੂਟਰੀ ਖ਼ਰੀਦਣ ਸੰਬੰਧੀ ਆਨਲਾਈਨ ਇਸ਼ਤਿਹਾਰ ਦੇਖਿਆ ਸੀ। ਇਸ਼ਤਿਹਾਰ ਵਿਚ ਦਿੱਤੇ ਨੰਬਰਾਂ ‘ਤੇ ਸੰਪਰਕ ਕਰਨ ‘ਤੇ ਅਨੀਲ, ਰਾਕੇਸ਼ ਅਤੇ ਰਜਿੰਦਰਾ ਨਾਂਅ ਦੇ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਨਾਇਕ ਟਰਾਂਸਪੋਰਟ ਏਜੰਸੀ ਅਤੇ ਵਿਨਾਇਕ ਇਲੈਕਟ੍ਰਿਕ ਸਕੂਟਰ ਪੁਣੇ ਨਾਲ ਸੰਬੰਧਿਤ ਦੱਸਿਆ। ਇਸੇ ਦੌਰਾਨ 28 ਹਜ਼ਾਰ ਰੁ. ਵਿਚ ਸਕੂਟਰ ਦਾ ਸੌਦਾ ਤੈਅ ਹੋਣ ਤੋਂ ਬਾਅਦ ਮੁਲਜ਼ਮਾਂ ਨੇ ਟਰਾਂਸਪੋਰਟ, ਕਾਗਜ਼ਾਤ ਅਤੇ ਹੋਰ ਖ਼ਰਚਿਆਂ ਦੇ ਨਾਂ ‘ਤੇ ਵੱਖ-ਵੱਖ ਖਾਤਿਆਂ ਵਿਚ ਕੁੱਲ 1,09,981 ਰੁ. ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਨਾ ਤਾਂ ਉਸ ਨੂੰ ਸਕੂਟਰ ਮਿਲਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਬੀ. ਐੱਨ. ਐੱਸ. ਦੀਆਂ ਸੰਬੰਧਿਤ ਧਾਰਾਵਾਂ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕਰਕੇ ਪੈਸੇ ਪ੍ਰਾਪਤ ਕਰਨ ਵਾਲੇ ਖਾਤਾਧਾਰਕਾਂ ਅਤੇ ਹੋਰਨਾਂ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।