10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਿੱਖਿਆ ਬੋਰਡ ਵਲੋਂ ਸੀਜ਼ਨਲ ਦਿਹਾੜੀਦਾਰ ਡੇਲੀਵੇਜ਼ਸ ਨੀਤੀ-2026 ਲਾਗੂ ਕੀਤੇ ਜਾਣ ਕਾਰਨ 223 ਦਿਹਾੜੀਦਾਰ ਕਰਮਚਾਰੀਆਂ ਨੂੰ ਮਿਲਿਆ ਲਾਭ

ਐੱਸ. ਏ.

Ad Position 21
No active advertisement
ਸੀਜ਼ਨ ਦਿਹਾੜੀਦਾਰ ਡੇਲੀਵੇਜ਼ਸ ਨੀਤੀ-2026 ਤਹਿਤ ਫਾਰਮ ਭਰਨ ਵਾਲੇ ਕਰਮਚਾਰੀਆਂ ਤੇ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਆਗੂਆਂ ਨਾਲ ਤਸਵੀਰ ਸਾਂਝੀ ਕਰਵਾਉਂਦੇ ਹੋਏ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ। ਅਜੀਤ ਤਸਵੀਰ 10-10-2026
ਐੱਸ. ਏ. ਐੱਸ. ਨਗਰ, 9 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਵਧੇਰੇ ਸੁਚੱਜੇ ਅਤੇ ਵਿਧੀਵਤ ਢੰਗ ਨਾਲ ਮਾਨਤਾ ਦੇਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ‘ਦਾ ਪੰਜਾਬ ਸਕੂਲ ਸਿੱਖਿਆ ਬੋਰਡ (ਵੈੱਲਫੇਅਰ ਆਫ਼ ਸੀਜ਼ਨਲ ਡੇਲੀਵੇਜ਼ ਵਰਕਰਜ਼) ਪਾਲਿਸੀ-2026’ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਸੇਵਾ-ਮੁਕਤ ਆਈ. ਏ. ਐਸ.) ਨੇ ਦੱਸਿਆ ਕਿ ਨੀਤੀ ਅਧੀਨ 223 ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਵਲੋਂ ਫਾਰਮ-ਏ ਭਰ ਕੇ ਪਾਲਿਸੀ ਅਪਣਾਈ ਗਈ ਹੈ ਅਤੇ ਇਸ ਬਾਬਤ ਦਫ਼ਤਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਲੰਬੇ ਸਮੇਂ ਤੋਂ ਸਿੱਖਿਆ ਬੋਰਡ ਵਿਖੇ ਸੇਵਾਵਾਂ ਨਿਭਾ ਰਹੇ ਦਿਹਾੜੀਦਾਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਵਧੇਰੇ ਵਿਵਸਥਿਤ ਕਰਨ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਮਹੀਨੇ ਵਿਚ ਲਗਭਗ 12 ਤੋਂ 18 ਦਿਨਾਂ ਦੀ ਹੀ ਮਜ਼ਦੂਰੀ ਪ੍ਰਾਪਤ ਹੁੰਦੀ ਸੀ, ਜਦਕਿ ਨਵੀਂ ਪਾਲਿਸੀ ਦੇ ਲਾਗੂ ਹੋਣ ਨਾਲ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਪੂਰੇ ਮਹੀਨੇ ਦੀ ਤਨਖ਼ਾਹ ਮਿਲੇਗੀ। ਇਸ ਨਾਲ ਉਨ੍ਹਾਂ ਨੂੰ ਵਿੱਤੀ ਸਥਿਰਤਾ ਅਤੇ ਨਿੱਜੀ ਜੀਵਨ ਵਿਚ ਵੱਡੀ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਬੋਰਡ ਚੇਅਰਮੈਨ ਨੇ ਅੱਗੇ ਦੱਸਿਆ ਕਿ ਨਵੀਂ ਪਾਲਿਸੀ ਤਹਿਤ ਸੀਜ਼ਨਲ ਦਿਹਾੜੀਦਾਰਾਂ ਨੂੰ ਸਾਲ ਦੌਰਾਨ 10 ਛੁੱਟੀਆਂ ਦੇ ਨਾਲ-ਨਾਲ ਗਜ਼ਟਿਡ ਛੁੱਟੀਆਂ ਅਤੇ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਦਾ ਫ਼ਾਇਦਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲਾਗੂ ਨਿਯਮਾਂ ਅਨੁਸਾਰ ਈ. ਐਸ. ਆਈ. ਤੇ ਈ. ਪੀ. ਐੱਫ. ਆਦਿ ਸਮਾਜਿਕ ਸੁਰੱਖਿਆ ਸੰਬੰਧੀ ਸੁਵਿਧਾਵਾਂ ਵੀ ਇਨ੍ਹਾਂ ਦਿਹਾੜੀਦਾਰ ਕਰਮਚਾਰੀਆਂ ਲਈ ਲਾਗੂ ਕੀਤੀਆਂ ਗਈਆਂ ਹਨ। ਇਸ ਮੌਕੇ ਸੀਜ਼ਨਲ ਦਿਹਾੜੀਦਾਰਾਂ ਨੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਪਾਲਿਸੀ ਨਾਲ ਉਨ੍ਹਾਂ ਵਿਚ ਸੁਰੱਖਿਆ ਅਤੇ ਸਨਮਾਨ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਹ ਹੁਣ ਬੋਰਡ ਦੇ ਦਫ਼ਤਰੀ ਕੰਮਕਾਜ਼ ਵਿਚ ਹੋਰ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਯੋਗਦਾਨ ਪਾਉਣ ਲਈ ਉਤਸ਼ਾਹਿਤ ਹਨ ਕਿਉਂਕਿ ਯੋਗ ਕਾਮਿਆਂ ਦੀ 58 ਸਾਲ ਦੀ ਉਮਰ ਤੱਕ ਸੇਵਾ ਨਿਰੰਤਰ ਜਾਰੀ ਰਹੇਗੀ ਅਤੇ ਯੋਗਤਾ ਅਨੁਸਾਰ ਕਲੈਰੀਕਲ ਅਤੇ ਗਰੁੱਪ-ਡੀ ਕੰਮਾਂ ਲਈ ਤਾਇਨਾਤੀ ਹੋਵੇਗੀ। ਦੂਜੇ ਪਾਸੇ ਡੇਲੀਵੇਜ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਬੋਰਡ ਵਲੋਂ ਡੇਲੀਵੇਜ਼ ਕਰਮਚਾਰੀਆਂ ਲਈ ਬਣਾਈ ਗਈ ਨੀਤੀ ਪੰਜਾਬ ਸਰਕਾਰ ਵਲੋਂ 9 ਅਕਤੂਬਰ 2022 ਨੂੰ ਤਿਆਰ ਕੀਤੀ ਗਈ ਨੀਤੀ ਦੇ ਬਿਲਕੁੱਲ ਉਲਟ ਜਾ ਕੇ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਵਿਚ ਡੇਲੀਵੇਜ਼ ਕਰਮਚਾਰੀਆਂ ਨੂੰ ਕੋਈ ਵੀ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਵੀ ਲਾਭ ਦਿੱਤੇ ਗਏ ਹਨ, ਉਹ ਪਹਿਲਾਂ ਹੀ ਲੇਬਰ ਐਕਟ ‘ਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 7 ਅਕਤੂਬਰ 2022 ਨੂੰ ਜੋ ਨੀਤੀ ਲਾਗੂ ਕੀਤੀ ਗਈ ਸੀ, ਸਿੱਖਿਆ ਬੋਰਡ ਨੇ ਉਸ ਨੀਤੀ ਤਹਿਤ ਡੇਲੀਵੇਜ਼ ਕਰਮਚਾਰੀਆਂ ਤੋਂ ਫਾਰਮ ਭਰਵਾਏ ਸਨ, ਪਰ ਉਹ ਅੱਜ ਤੱਕ ਉਨ੍ਹਾਂ ‘ਤੇ ਲਾਗੂ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡੇਲੀਵੇਜ਼ ਕਰਮਚਾਰੀ ਯੂਨੀਅਨ ਵਲੋਂ 2026 ਦੀ ਇਸ ਨੀਤੀ ਨੂੰ ਰੱਦ ਕਰਦੇ ਹੋਏ ਮਾਣਯੋਗ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਅਦਾਲਤ ਵਲੋਂ ਅਗਲੀ ਸੁਣਵਾਈ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਸਨ, ਪਰ ਬੋਰਡ ਮੈਨੇਜਮੈਂਟ ਵਲੋਂ ਪਟੀਸ਼ਨਰਾਂ ਦੀ ਹਾਜ਼ਰੀ ਨਾ ਲਗਵਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਇਸ ਨੀਤੀ ਨੂੰ ਅਪਣਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸਨਜ਼ ਵਿਖੇ ਵੋਟਰ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ ਹਰੇਕ ਵੋਟ ਮਹੱਤਵਪੂਰਨ ਹੈ ’- ਜ਼ਿ... ਅਗਲੀ ਖ਼ਬਰ ਪੀ . ਜੀ . ਆਈ . ਚੰਡੀਗੜ੍ਹ ’ ਚ ਲਾਇਨਜ਼ ਕਲੱਬ ਖਰੜ ਨੇ ਲਗਾਇਆ ਲੰਗਰ
Ad Position 24