ਪੰਜਾਬ ਦੇ ਰਾਸ਼ਨ ਕਿੱਟ ਸਪਲਾਇਰ ਦੀ ਚੰਡੀਗੜ੍ਹ ਵਿਖੇ ਅਚਾਨਕ ਮੌਤ
ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਾਜ ਹੋਟਲ ਵਿਚ ਪੰਜਾਬ ਸਰਕਾਰ ਦੀਆਂ ਰਾਸ਼ਨ ਕਿੱਟਾਂ ਦੇ ਸਪਲਾਇਰ ਦੱਸੇ ਜਾਂਦੇ ਕਾਰੋਬਾਰੀ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਛੱਤੀਸਗੜ੍ਹ ਦੇ ਰਾਏਪੁਰ ਵਾਸੀ ਦੀਪਕ ਮਿੱਤਲ (56) ਵਜੋਂ ਹੋਈ ਹੈ।
ਸ
ਸੈਕਟਰ-17 ਸਥਿਤ ਹੋਟਲ ਵਿਖੇ ਜਾਂਚ ਕਰਨ ਲਈ ਪੁਲਿਸ ਤੇ ਫੋਰੈਂਸਿਕ ਟੀਮ ਦੀ ਗੱਡੀ। (ਹਾਸ਼ੀਏ ’ ਚ) ਦੀਪਕ ਮਿੱਤਲ ਫਾਈਲ ਫੋਟੋ । ਤਸਵੀਰ ਗੁਰਿੰਦਰ ਸਿੰਘ
22-10-2026
ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-17 ਸਥਿਤ ਤਾਜ ਹੋਟਲ ਵਿਚ ਪੰਜਾਬ ਸਰਕਾਰ ਦੀਆਂ ਰਾਸ਼ਨ ਕਿੱਟਾਂ ਦੇ ਸਪਲਾਇਰ ਦੱਸੇ ਜਾਂਦੇ ਕਾਰੋਬਾਰੀ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਛੱਤੀਸਗੜ੍ਹ ਦੇ ਰਾਏਪੁਰ ਵਾਸੀ ਦੀਪਕ ਮਿੱਤਲ (56) ਵਜੋਂ ਹੋਈ ਹੈ। ਉਹ ਚੰਡੀਗੜ੍ਹ ਵਿਖੇ ਮਾਰਕਫੈੱਡ ਦੀ ਇਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਏ ਹੋਏ ਸਨ। ਬੁੱਧਵਾਰ ਸਵੇਰੇ ਹੋਟਲ ਦੇ ਕਮਰੇ ਵਿਚੋਂ ਬੇਹੋਸ਼ ਹਾਲਤ ਵਿਚ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਦੀਪਕ ਮਿੱਤਲ ਨੇ ਕਰੀਬ ਦੋ ਦਿਨ ਪਹਿਲਾਂ ਸੈਕਟਰ-17 ਸਥਿਤ ਤਾਜ ਹੋਟਲ ਵਿਚ ਕਮਰਾ ਲਿਆ ਸੀ। ਬੁੱਧਵਾਰ ਸਵੇਰੇ ਕਰੀਬ 6 ਵਜੇ ਹੋਟਲ ਦਾ ਇਕ ਵੇਟਰ ਕਮਰੇ ਵਿਚ ਪਹੁੰਚਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ। ਅੰਦਰ ਦੀਪਕ ਮਿੱਤਲ ਬਿਸਤਰੇ ’ਤੇ ਬੇਹੋਸ਼ ਪਏ ਸਨ। ਵੇਟਰ ਵਲੋਂ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਵਾਬ ਨਾ ਮਿਲਣ ’ਤੇ ਹੋਟਲ ਮੈਨੇਜਰ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸੈਕਟਰ-17 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਪੁਲਿਸ ਨੂੰ ਹੋਟਲ ਦੇ ਕਮਰੇ ਵਿਚੋਂ ਸ਼ਰਾਬ ਦੀਆਂ ਬੋਤਲਾਂ ਅਤੇ ਕੁਝ ਦਵਾਈਆਂ ਮਿਲੀਆਂ ਹਨ। ਸ਼ੁਰੂਆਤੀ ਜਾਂਚ ਦੌਰਾਨ ਸ਼ਰਾਬ ਅਤੇ ਦਵਾਈਆਂ ਦੇ ਸੇਵਨ ਨਾਲ ਸਿਹਤ ਵਿਗੜਨ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ, ਪਰ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕਾਨੂੰਨੀ ਵਾਰਸਾਂ ਦੇ ਹਵਾਲੇ ਕਰ ਦਿੱਤੀ। ਸੈਕਟਰ-17 ਥਾਣੇ ਦੇ ਐੱਸ.ਐੱਚ.ਓ. ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਅਤੇ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੀਪਕ ਮਿੱਤਲ ਨੂੰ ਪੰਜਾਬ ਸਰਕਾਰ ਦੀਆਂ ਰਾਸ਼ਨ ਕਿੱਟਾਂ ਦਾ ਵੱਡਾ ਸਪਲਾਇਰ ਦੱਸਿਆ ਜਾਂਦਾ ਹੈ। ਉਨ੍ਹਾਂ ਦੀਆਂ ਆਪਣੀਆਂ ਚੌਲ ਮਿੱਲਾਂ ਵੀ ਹਨ। ਪੁਲਿਸ ਹੋਟਲ ਵਿਚ ਉਨ੍ਹਾਂ ਦੇ ਠਹਿਰਨ ਅਤੇ ਉਨ੍ਹਾਂ ਦੇ ਨਾਲ ਇਕ ਲੜਕੀ ਦੇ ਹੋਟਲ ਵਿਚ ਆਉਣ ਸਬੰਧੀ ਜਾਣਕਾਰੀ ਦੀ ਵੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਤਾਜ ਹੋਟਲ ਦੇ ਬੁਲਾਰੇ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਜਿਸ ਵਿਚ ਉਨ੍ਹਾਂ ਇਸ ਮੰਦਭਾਗੀ ਘਟਨਾ ਤੇ ਦੁੱਖ ਅਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦੇ ਰਹੇ ਹਨ ਅਤੇ ਅਧਿਕਾਰੀਆਂ ਦੀ ਮਦਦ ਵੀ ਕਰ ਰਹੇ ਹਨ।