ਐੱਸ. ਏ. ਐੱਸ. ਨਗਰ, 21 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਸੂਬਾ ਤਾਲਮੇਲ ਕਮੇਟੀ ਪੰਜਾਬ ਵਲੋਂ ਸੰਗਰੂਰ ਮਹਾਂ ਰੈਲੀ ਵਿਚ ਦਿੱਤੇ ਗਏ ਪ੍ਰੋਗਰਾਮ ਤਹਿਤ 21-22 ਦੀ ਸਮੂਹਿਕ ਛੁੱਟੀ ਲੈ ਕੇ ਸਮੂਹ ਪੰਜਾਬ ਦੇ ਜ਼ਿਲ੍ਹਿਆਂ ਵਿਚ ਮੁਲਾਜ਼ਮ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ ਧਰਨੇ ਦੇਣ ਦੇ ਐਕਸ਼ਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਐੱਸ. ਏ. ਐੱਸ. ਨਗਰ ਵਿਚ ਪੁੱਡਾ ਭਵਨ ਤੇ ਫ਼ੇਜ਼-1 ਪਾਵਰ ਕਾਮ ਦਫ਼ਤਰ ਅੱਗੇ ਧਰਨੇ ਦਿੱਤੇ ਗਏ । ਜਿਸ ਵਿਚ ਵੱਡੀ ਗਿਣਤੀ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਪਾਵਰ ਕਾਮ ਦਫ਼ਤਰ ਫ਼ੇਜ਼-1 ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਬਖ਼ਸ਼ ਸਿੰਘ, ਲੱਖਾ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ, ਜਤਿੰਦਰ ਸਿੰਘ, ਵਿਜੈ ਕੁਮਾਰ, ਸੁਰਿੰਦਰ ਮੱਲ੍ਹੀ, ਮੋਹਣ ਸਿੰਘ ਗਿੱਲ, ਸੁਰਿੰਦਰ ਪਾਲ ਸਿੰਘ ਲਹੌਰੀਆ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸੀ.ਐੱਚ. ਬੀ. ਕਾਮਿਆਂ ਨੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਦੀਆਂ ਮੰਗਾਂ ਸੰਬੰਧੀ ਅਪਣਾਏ ਗੈਰ ਜ਼ਿੰਮੇਵਾਰ ਵਤੀਰੇ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਪੁੱਡਾ ਪਵਨ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂ ਸੁਖਚੈਨ ਸਿੰਘ ਖਹਿਰਾ, ਸੁਖਦੇਵ ਸਿੰਘ ਸੈਣੀ, ਰਵਿੰਦਰ ਸਿੰਘ ਪੱਪੀ, ਹਰਜੀਤ ਸਿੰਘ ਬਸੋਤਾ, ਅਮਿੱਤ ਕਟੋਚ, ਐਨ. ਡੀ. ਤਿਵਾੜੀ, ਗੁਰਬਿੰਦਰ ਸਿੰਘ, ਗੁਰਪਿਆਰ ਸਿੰਘ ਕੋਟਲੀ, ਤੇਜਿੰਦਰ ਸਿੰਘ, ਹਰਕ੍ਰਿਸ਼ਨ ਸਿੰਘ, ਸ਼ਿਵ ਕੁਮਾਰ ਰਾਣਾ, ਗੁਰਬਖ਼ਸ਼ ਸਿੰਘ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ ਸਿੱਧੂ ਵਲੋ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਪਿਛਲੀ ਮੀਟਿੰਗ ਵਿਚ ਮੁਲਾਜ਼ਮ ਆਗੂਆਂ ਨਾਲ ਹਰ ਮਹੀਨੇ ਦੇ ਪਹਿਲੇ ਹਫ਼ਤੇ ਮੁਲਾਜ਼ਮ ਪੈਨਸ਼ਨਰਜ਼ ਮੰਗਾਂ ਤੇ ਮੀਟਿੰਗ ਕਰਕੇ ਮੰਗਾਂ ਦਾ ਹੱਲ ਕਰਾਂਗੇ ਪਰ ਨਾ ਹੀ ਪਿਛਲੀ ਮੀਟਿੰਗ ਦੀ ਕੋਈ ਲਿਖਤੀ ਜਾਣਕਾਰੀ ਜਾਰੀ ਕੀਤੀ ਗਈ ਅਤੇ ਨਾ ਹੀ ਮੀਟਿੰਗ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੰਗਰੂਰ ਰੈਲੀ ਵਿਚ ਸੂਬਾ ਤਾਲਮੇਲ ਕਮੇਟੀ ਨੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਵਿੱਢਣ ਦੇ ਫ਼ੈਸਲੇ ਤਹਿਤ ਪੂਰੇ ਪੰਜਾਬ ਵਿਚ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਹੈੱਡ ਕੁਆਟਰਾਂ ਵਿਚ ਧਰਨੇ ਲਾਉਣ ਦੇ ਫ਼ੈਸਲੇ ਤਹਿਤ ਇਹ ਧਰਨਾ ਲਗਾਇਆ ਗਿਆ। ਮੁਲਾਜ਼ਮ ਪੈਨਸ਼ਨਰਜ਼ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੀਤੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਨ, ਪੇਂਡੂ ਭੱਤੇ ਸਮੇਤ 37 ਭੱਤੇ ਬਹਾਲ ਕਰਨ, 17 ਜੁਲਾਈ 2020 ਦਾ ਕੇਂਦਰੀ ਪੈਟਰਨ ਰੱਦ ਕਰਕੇ ਪੰਜਾਬ ਪੇਅ ਸਕੇਲ ਲਾਗੂ ਕਰਨ, ਕੱਚੇ, ਆਊਟਸੋਰਸਿੰਗ ਮੁਲਾਜ਼ਮ ਪੂਰੀ ਸਕੇਲ ਤੇ ਭਰਤੀ ਕੀਤੇ ਜਾਣ, ਮਾਣ ਭੱਤਾ ਵਰਕਰਾਂ ਤੇ ਘੱਟੋ-ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕਰਨ, ਪਰਖ ਕਾਲ ਵਿਚ ਪੂਰੀ ਤਨਖ਼ਾਹ ਦੇਣ ਦੀ ਮੰਗ ਕੀਤੀ। ਇਸ ਮੌਕੇ ਸੁਖਪਾਲ ਕੌਰ, ਮਨਦੀਪ ਸਿੰਘ, ਰਣਜੋਧ ਸਿੰਘ, ਸ਼ਿਵ ਸ਼ੰਕਰ ਸ਼ਰਮਾ, ਰਣਜੀਤ ਸ਼ਰਮਾ, ਪਰਮਜੀਤ ਸਿੰਘ, ਮੁਕੇਸ਼ ਕੁਮਾਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕੀਤਾ।