ਮਾਈਨਿੰਗ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ
ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਨਾਜਾਇਜ਼ ਮਾਈਨਿੰਗ ਵਿਰੁੱਧ ਮੁਹਿੰਮ ਵਿਚ ਹੋਰ ਤੇਜ਼ੀ ਲਿਆਂਦੀ ਹੈ। ਮਾਈਨਿੰਗ ਵਿਭਾਗ ਨੇ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਨੰਗਲ ਤਹਿਸੀਲ ਅਧੀਨ ਪੈਂਦੇ ਪਿੰਡ ਭੱਲਾਣ ਵਿਚ ਛਾਪੇਮਾਰੀ ਦੌਰਾਨ ਨਾਜਾਇਜ਼ ਮਾਈਨਿੰਗ ਲਈ ਵਰਤੀ ਜਾ ਰਹੀ ਇਕ ਪੋਕਲੇਨ ਮਸ਼ੀਨ ਅਤੇ ਇਕ ਟਿੱਪਰ ਨੂੰ ਜ਼ਬਤ ਕੀਤਾ।
ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਨਾਜਾਇਜ਼ ਮਾਈਨਿੰਗ ਵਿਰੁੱਧ ਮੁਹਿੰਮ ਵਿਚ ਹੋਰ ਤੇਜ਼ੀ ਲਿਆਂਦੀ ਹੈ। ਮਾਈਨਿੰਗ ਵਿਭਾਗ ਨੇ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਨੰਗਲ ਤਹਿਸੀਲ ਅਧੀਨ ਪੈਂਦੇ ਪਿੰਡ ਭੱਲਾਣ ਵਿਚ ਛਾਪੇਮਾਰੀ ਦੌਰਾਨ ਨਾਜਾਇਜ਼ ਮਾਈਨਿੰਗ ਲਈ ਵਰਤੀ ਜਾ ਰਹੀ ਇਕ ਪੋਕਲੇਨ ਮਸ਼ੀਨ ਅਤੇ ਇਕ ਟਿੱਪਰ ਨੂੰ ਜ਼ਬਤ ਕੀਤਾ। ਇਸ ਦੇ ਨਾਲ ਹੀ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਵਿਚ ਸ਼ਾਮਿਲ ਇੱਕ ਵਿਅਕਤੀ ਨੂੰ ਵੀ ਮੌਕੇ ’ਤੇ ਕਾਬੂ ਕੀਤਾ ਗਿਆ ਹੈ। ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਵਿਭਾਗ ਵਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰਾਖੀ ਕਰਨ ਅਤੇ ਨਿਰਧਾਰਿਤ ਕਾਨੂੰਨ ਅਨੁਸਾਰ ਮਾਈਨਿੰਗ ਗਤੀਵਿਧੀਆਂ ਯਕੀਨੀ ਬਣਾਉਣ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਵਿਸ਼ੇਸ਼ ਛਾਪੇਮਾਰੀ ਖ਼ਾਸ ਤੌਰ ’ਤੇ ਖਣਿਜਾਂ ਦੇ ਨਾਜਾਇਜ਼ ਖਣਨ ਨੂੰ ਰੋਕਣ ਅਤੇ ਮਾਈਨਿੰਗ ਕਾਰਜਾਂ ਵਿਚ ਭਾਰੀ ਮਸ਼ੀਨਰੀ ਦੀ ਅਣਅਧਿਕਾਰਤ ਵਰਤੋਂ ਦੀ ਜਾਂਚ ਕਰਨ ਲਈ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਸਬੰਧਿਤ ਵਿਅਕਤੀ ਵਿਰੁੱਧ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀਆਂ ਧਾਰਾਵਾਂ 4(1) ਅਤੇ 21(1) ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਆਰੰਭੀ ਗਈ ਹੈ। 24 ਸੀਐਚਡੀ26 ਬਰਿੰਦਰ ਕੁਮਾਰ ਗੋਇਲ