ਐੱਸ. ਏ. ਐੱਸ. ਨਗਰ, 11 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਅਧੀਨ ਸਕੱਤਰ ਸਕੂਲ ਸਿੱਖਿਆ ਵਿਭਾਗ ਵਲੋਂ ਸਾਬਕਾ ਅਧਿਆਪਕ ਕਰਮਜੀਤ ਸਿੰਘ ਦੀਆਂ ਨਿਯਮਾਂ ਵਿਰੁੱਧ ਜਾ ਕੇ ਛੁੱਟੀਆਂ ਮਨਜ਼ੂਰ ਕਰਨ, ਇਸ ਦਾ ਸੇਵਾ ਪੱਤਰੀ ਵਿਚ ਇੰਦਰਾਜ ਨਾ ਕਰਨ ਅਤੇ ਗ਼ਲਤ ਤਰੀਕੇ ਨਾਲ ਵਿੱਤੀ ਲਾਭ ਦੇਣ ਨਾਲ ਸੰਬੰਧਿਤ ਮਾਮਲੇ ਵਿਚ 3 ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਮੇਤ 2 ਬੀ. ਪੀ. ਈ. ਓਜ਼ ਅਤੇ ਇਕ ਸੇਵਾ-ਮੁਕਤ ਕਲਰਕ ਨੂੰ ਵੱਖ-ਵੱਖ ਦੋਸ਼ਾਂ ਤਹਿਤ ਦੋਸ਼ ਸੂਚੀਆਂ ਜਾਰੀ ਕਰਕੇ 21 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ’ਚ ਸੇਵਾ-ਮੁਕਤ ਕਲਰਕ ਗੁਰਮੀਤ ਸਿੰਘ, ਸੇਵਾ-ਮੁਕਤ ਬੀ.ਪੀ.ਈ.ਓ. ਕੁਲਦੀਪ ਕੌਰ, ਮੁਅੱਤਲੀ ਅਧੀਨ ਬੀ.ਪੀ.ਈ.ਓ. ਸਤਿੰਦਰ ਸਿੰਘ, ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦਰਸ਼ਨਜੀਤ ਸਿੰਘ, ਸੇਵਾ-ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਕੌਰ ਅਤੇ ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਦੇ ਨਾਂਅ ਸ਼ਾਮਿਲ ਹਨ। ਸਾਬਕਾ ਅਧਿਆਪਕ ਕਰਮਜੀਤ ਸਿੰਘ ਨੂੰ ਨਿਯਮਾਂ ਵਿਰੁੱਧ ਜਾ ਕੇ ਛੁੱਟੀਆਂ ਮਨਜ਼ੂਰ ਕਰਵਾਉਣ ਤੋਂ ਇਲਾਵਾ ਸਾਲਾਨਾ ਤਰੱਕੀਆਂ ਅਤੇ ਹੋਰ ਲਾਭ ਆਦਿ ਜਾਰੀ ਕਰਵਾਏ ਗਏ, ਜਿਸ ਕਾਰਨ ਇਨ੍ਹਾਂ ਅਧਿਕਾਰੀਆਂ ਨੂੰ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈ।