ਡੇਰਾਬੱਸੀ ਤਹਿਸੀਲ ਰੋਡ ‘ਤੇ ਬੇਤਰਤੀਬੀ ਪਾਰਕਿੰਗ ਖ਼ਿਲਾਫ਼ ਕਰਵਾਈ ਕਰਦਿਆਂ ਟ੍ਰੈਫ਼ਿਕ ਪੁਲਿਸ ਨੇ 36 ਵਾਹਨਾਂ ਦੇ ਕੱਟੇ ਚਲਾਨ
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਸ਼ਹਿਰ ਦੀ ਤਹਿਸੀਲ ਰੋਡ ‘ਤੇ ਬੇਤਰਤੀਬੀ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਵਾਹਨਾਂ ਕਾਰਨ ਰੋਜ਼ਾਨਾ ਲੱਗਦੇ ਆਵਾਜਾਈ ਜਾਮ ਤੋਂ ਰਾਹਤ ਦਿਵਾਉਣ ਲਈ ਟ੍ਰੈਫ਼ਿਕ ਪੁਲਿਸ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਰੀਬ ਤਿੰਨ ਦਰਜਨ ਵਾਹਨਾਂ ਦੇ ਚਲਾਨ ਕੱਟੇ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਚ ਸ਼ੁਮਾਰ ਇਸ ਸੜਕ ‘ਤੇ ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਆਮ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ।
ਡੇਰਾਬੱਸੀ, 27 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਸ਼ਹਿਰ ਦੀ ਤਹਿਸੀਲ ਰੋਡ ‘ਤੇ ਬੇਤਰਤੀਬੀ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਵਾਹਨਾਂ ਕਾਰਨ ਰੋਜ਼ਾਨਾ ਲੱਗਦੇ ਆਵਾਜਾਈ ਜਾਮ ਤੋਂ ਰਾਹਤ ਦਿਵਾਉਣ ਲਈ ਟ੍ਰੈਫ਼ਿਕ ਪੁਲਿਸ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਰੀਬ ਤਿੰਨ ਦਰਜਨ ਵਾਹਨਾਂ ਦੇ ਚਲਾਨ ਕੱਟੇ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਚ ਸ਼ੁਮਾਰ ਇਸ ਸੜਕ ‘ਤੇ ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਆਮ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ਸਿਵਲ ਹਸਪਤਾਲ ਆਉਣ-ਜਾਣ ਵਾਲੇ ਮਰੀਜ਼ਾਂ ਤੋਂ ਇਲਾਵਾ ਐਂਬੂਲੈਂਸਾਂ ਨੂੰ ਵੀ ਜਾਮ ‘ਚੋਂ ਨਿਕਲਣ ਲਈ ਜਦੋ-ਜਹਿਦ ਕਰਨੀ ਪੈਂਦੀ ਹੈ। ਕਰੀਬ ਡੇਢ ਕਿੱਲੋਮੀਟਰ ਲੰਬੀ ਇਸ ਸੜਕ ‘ਤੇ ਕੰਮਕਾਜੀ ਦਿਨਾਂ ਦੌਰਾਨ ਵਾਹਨਾਂ ਦਾ ਭਾਰੀ ਦਬਾਅ ਰਹਿੰਦਾ ਹੈ। ਸੜਕ ਕਿਨਾਰੇ ਖੜ੍ਹੇ ਵਾਹਨਾਂ ਕਾਰਨ ਆਵਾਜਾਈ ਲਈ ਥਾਂ ਹੋਰ ਸੁੰਗੜ ਜਾਂਦੀ ਹੈ, ਜਦਕਿ ਈਸਾਪੁਰ ਰੇਲਵੇ ਫਾਟਕ ਬੰਦ ਹੋਣ ਮੌਕੇ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਵਾਹਨ ਚਾਲਕਾਂ ਦੇ ਮੁਕਾਬਲੇ ਪੈਦਲ ਰਾਹਗੀਰ ਪਹਿਲਾਂ ਆਪਣੀ ਮੰਜ਼ਿਲ ‘ਤੇ ਪਹੁੰਚ ਜਾਂਦੇ ਹਨ। ਡੇਰਾਬੱਸੀ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਸੜਕ ਦੇ ਵੱਖ-ਵੱਖ ਹਿੱਸਿਆਂ ‘ਚ ਨਾਕਾਬੰਦੀ ਕਰਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 36 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗ਼ਲਤ ਦਿਸ਼ਾ ‘ ਚ ਵਾਹਨ ਚਲਾਉਣ, ਬਿਨਾਂ ਹੈਲਮਟ ਅਤੇ ਬਿਨਾਂ ਸੀਟ ਬੈਲਟ ਤੋਂ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।