ਪੁਲਿਸ ਦੇ ਨਾਕਿਆਂ ਦੇ ਦਾਅਵਿਆਂ ਵਿਚਕਾਰ ਮਹਿੰਗੀਆਂ ਖਜੂਰਾਂ ਸਮੇਤ 70 ਹਜ਼ਾਰ ਦਾ ਫ਼ਰੂਟ ਚੋਰੀ ਕਰ ਲੈ ਗਏ ਪੰਜ ਚੋਰ
ਚੰਡੀਗੜ੍ਹ, 28 ਨਵੰਬਰ (ਸੰਦੀਪ ਕੁਮਾਰ ਮਾਹਨਾ)-ਮੁਹਾਲੀ ਪੁਲਿਸ ਵਲੋਂ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਤੇ ਰਾਤ ਸਮੇਂ ਥਾਂ-ਥਾਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਦੇ ਕੀਤੇ ਜਾਂਦੇ ਦਾਅਵਿਆਂ ਦਰਮਿਆਨ ਸ਼ਾਤਿਰ ਚੋਰਾਂ ਨੇ ਫੇਜ਼-4 ਦੀ ਖੋਖਾ ਮਾਰਕੀਟ ਵਿਚ ਫਰੂਟ ਦੀ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ । ਪੰਜ ਚੋਰ ਬਕਾਇਦਾ ਦੋ ਰੇਹੜੀਆਂ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਕਰੀਬ 70 ਹਜ਼ਾਰ ਰੁਪਏ ਦਾ ਫਰੁੂਟ ਲੱਦ ਕੇ ਫ਼ਰਾਰ ਹੋ ਗਏ।
ਚੰਡੀਗੜ੍ਹ, 28 ਨਵੰਬਰ (ਸੰਦੀਪ ਕੁਮਾਰ ਮਾਹਨਾ)-ਮੁਹਾਲੀ ਪੁਲਿਸ ਵਲੋਂ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਤੇ ਰਾਤ ਸਮੇਂ ਥਾਂ-ਥਾਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਦੇ ਕੀਤੇ ਜਾਂਦੇ ਦਾਅਵਿਆਂ ਦਰਮਿਆਨ ਸ਼ਾਤਿਰ ਚੋਰਾਂ ਨੇ ਫੇਜ਼-4 ਦੀ ਖੋਖਾ ਮਾਰਕੀਟ ਵਿਚ ਫਰੂਟ ਦੀ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ । ਪੰਜ ਚੋਰ ਬਕਾਇਦਾ ਦੋ ਰੇਹੜੀਆਂ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਕਰੀਬ 70 ਹਜ਼ਾਰ ਰੁਪਏ ਦਾ ਫਰੁੂਟ ਲੱਦ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਚੋਰਾਂ ਨੇ ਦੇਰ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਦੋ ਰੇਹੜੀਆਂ ਲੈ ਕੇ ਦੁਕਾਨ ’ਤੇ ਪਹੁੰਚੇ ਅਤੇ ਬੜੇ ਆਰਾਮ ਨਾਲ ਉੱਥੋਂ ਫਰੁੂਟ ਚੋਰੀ ਕਰਕੇ ਰੇਹੜੀਆਂ ’ਤੇ ਲੱਦਣ ਲੱਗੇ। ਸੀ. ਸੀ. ਟੀ. ਵੀ. ਫੁਟੇਜ ਵਿਚ ਪੰਜ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਚੋਰਾਂ ਨੇ ਹੋਰ ਫਰੁੂਟਾਂ ਦੇ ਨਾਲ-ਨਾਲ ਮਹਿੰਗੀਆਂ ਖਜੂਰਾਂ ਦੇ ਡੱਬਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਉਹ ਕਰੀਬ 70 ਹਜ਼ਾਰ ਰੁਪਏ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ। ਦੁਕਾਨਦਾਰ ਜਦੋਂ ਸਵੇਰੇ ਕਰੀਬ 8 ਵਜੇ ਦੁਕਾਨ ’ਤੇ ਪਹੁੰਚਿਆ ਤਾਂ ਉਥੇ ਸਾਮਾਨ ਖਿਲਰਿਆ ਹੋਇਆ ਸੀ ਅਤੇ ਕਾਫ਼ੀ ਫਰੁੂਟ ਗਾਇਬ ਸਨ। ਜਾਂਚ ਕਰਨ ’ਤੇ ਚੋਰੀ ਦੀ ਵਾਰਦਾਤ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਤੁਰੰਤ 112 ਨੰਬਰ ’ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ’ਤੇ ਪਹੁੰਚਣ ਦੀ ਅਪੀਲ ਕੀਤੀ। ਦੁਕਾਨਦਾਰ ਦਾ ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਕਰੀਬ ਢਾਈ ਘੰਟੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਤੋਂ ਬਾਅਦ ਕਿਸੇ ਜਾਣਕਾਰ ਕੋਲੋਂ ਥਾਣੇ ਦਾ ਨੰਬਰ ਲੈ ਕੇ ਸੰਪਰਕ ਕੀਤਾ ਤਾਂ ਉੱਥੋਂ ਕਥਿਤ ਤੌਰ ’ਤੇ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ। ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ ਇਸ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਰਾਤ ਸਮੇਂ ਸ਼ਹਿਰ ਵਿਚ ਥਾਂ-ਥਾਂ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਪੰਜ ਵਿਅਕਤੀ ਦੋ ਰੇਹੜੀਆਂ ਲੈ ਕੇ ਮਾਰਕੀਟ ਵਿਚ ਆਉਂਦੇ ਹਨ ਅਤੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇ। 28 ਸੀਐਚਡੀ59 ਮੁਹਾਲੀ ਦੇ ਫੇਸ 4 ਸਥਿਤ ਖੋਖਾ ਮਾਰਕੀਟ ’ਚ ਇਕ ਦੁਕਾਨ ਵਿਚੋਂ ਫਰੂਟ ਚੋਰੀ ਕਰਦੇ ਚੋਰ।