ਤਲਵੰਡੀ ਸਾਬੋ, 24 ਜਨਵਰੀ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਪੁਰਾਣੇ ਵਿਦਿਆਰਥੀਆਂ ਦੇ ਤਜਰਬੇ, ਸੰਘਰਸ਼, ਮਿੱਠੀਆਂ ਯਾਦਾਂ ਨੂੰ ਸਾਂਝਾ ਕਰਨ ਤੇ ਸਹਿਯੋਗ ਦੀ ਉਮੀਦ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅਲੂਮਨੀ ਮੀਟ ਕਰਵਾਈ ਗਈ ਜਿਸ 'ਚ ਅਨਿਲ ਠਾਕੁਰ ਚੇਅਰਮੈਨ ਪੰਜਾਬ ਟਰੇਡ ਕਮਿਸ਼ਨ ਬਤੌਰ ਮੁੱਖ ਮਹਿਮਾਨ ਜਦੋਂਕਿ ਮੁਨੀਸ਼ ਕੁਮਾਰ ਗਰਗ ਸੀ.ਈ.ਓ. ਐਸ.ਆਰ.ਵੀ.ਇਲੈਕਟੀਰਕਲਜ਼ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਵਿਚ ਪ੍ਰੋ. (ਡਾ:) ਰਾਮੇਸ਼ਵਰ ਸਿੰਘ ਉਪ ਕੁਲਪਤੀ ਪ੍ਰੋ: (ਡਾ:) ਜਗਤਾਰ ਸਿੰਘ ਧੀਮਾਨ ਪਰੋ. ਵਾਇਸ ਚਾਂਸਲਰ, ਡਾ: ਜਾਵੇਦ ਅਹਿਮਦ ਖਾਨ ਡੀਨ ਅਕਾਦਮਿਕ, ਡਾ. ਪੀਯੂਸ਼ ਵਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਡੀਨ, ਵਿਭਾਗੀ ਮੈਂਬਰ ਅਤੇ 500 ਤੋਂ ਵੱਧ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ | ਮੁੱਖ ਮਹਿਮਾਨ ਠਾਕੁਰ ਨੇ ਆਪਣੇ ਵਿਦਿਆਰਥੀ ਜੀਵਨ ਦੇ ਸੰਘਰਸ਼ ਨੂੰ ਚੇਤੇ ਕਰਦਿਆਂ ਨੌਜਵਾਨਾਂ ਨੂੰ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਪੰਜਾਬ ਵਿਚ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਯਤਨ ਕਰ ਰਹੀ ਹੈ | ਉਨ੍ਹਾਂ ਆਯੋਜਕਾਂ ਨੂੰ ਨੌਜਵਾਨਾਂ ਦੇ ਪਲੇਸਮੈਂਟ ਲਈ ਆਪਸੀ ਸਹਿਯੋਗ ਦੀ ਗੱਲ ਆਖੀ | ਵਿਸ਼ੇਸ਼ ਮਹਿਮਾਨ ਮੁਨੀਸ਼ ਕੁਮਾਰ ਨੇ ਜੀ.ਕੇ.ਯੂ. ਦੇ 10 ਅਲੂਮਨਾਈ ਨੂੰ ਆਪਣੇ ਸਟਾਰਟ-ਅੱਪ ਸ਼ੁਰੂ ਕਰਨ ਵਿਚ ਮਾਲੀ ਮਦਦ ਕਰਨ ਦਾ ਵਾਅਦਾ ਕੀਤਾ | ਉਪ ਕੁਲਪਤੀ ਡਾ: ਸਿੰਘ ਨੇ ਪੁਰਾਣੇ ਵਿਦਿਆਰਥੀਆਂ ਨੂੰ ਵਰਸਿਟੀ ਦੇ ਰਾਜਦੂਤ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਸੰਸਕਾਰਾਂ ਅਤੇ ਕੰਮਾਂ ਰਾਹੀਂ ਨਵੀਂਆਂ ਪੈੜਾਂ ਪਾਉਣਗੇ | ਡਾ: ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਮੰਗਣ ਵਾਲਿਆਂ ਦੀ ਬਜਾਏ ਰੁਜ਼ਗਾਰ ਪ੍ਰਦਾਤਾ ਬਨਣਾ ਚਾਹੀਦੈ | ਸਮਾਰੋਹ ਵਿਚ ਡਾ: ਕੰਵਲਜੀਤ ਕੌਰ ਡਾਇਰੈਕਟਰ ਯੁਵਾ ਅਤੇ ਸੱਭਿਆਚਾਰਕ ਮਾਮਲੇ ਦੀ ਦੇਖ ਰੇਖ ਹੇਠ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਅਲੂਮਨੀ ਕੁਆਰਡੀਨੇਟਰ ਡਾ: ਵਿਜੈ ਲਕਸ਼ਮੀ ਨੇ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਪੁਰਾਣੇ ਵਿਦਿਆਰਥੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਅਤੇ ਹਾਸਲ ਕੀਤੇ ਗਏ ਉੱਚ ਰੁਤਬਿਆਂ ਦੀ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਅਲੂਮਨੀ ਮੀਟ 'ਚ ਭਾਰਤ ਦੇ 22 ਰਾਜਾਂ ਦੇ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਵਰਸਿਟੀ ਵਲੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਪੁਰਾਣੇ ਵਿਦਿਆਰਥੀਆਂ ਨੇ ਵਰਸਿਟੀ 'ਚ ਗੁਜ਼ਾਰੇ ਗਏ ਵਿਦਿਆਰਥੀ ਜੀਵਨ ਨੂੰ ਜ਼ਿੰਦਗੀ ਦਾ ਬਹੁਮੁੱਲਾ ਸਰਮਾਇਆ ਦੱਸਿਆ | ਲਵਲੀਨ ਸੱਚਦੇਵਾ ਅਤੇ ਡਾ: ਜੀਨੀਅਸ ਵਾਲੀਆ ਦੇ ਵਿਲੱਖਣ ਅਤੇ ਸ਼ਾਇਰਾਨਾ ਅੰਦਾਜ਼ ਵਿਚ ਕੀਤੇ ਗਏ ਮੰਚ ਸੰਚਾਲਨ ਨੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ |