ਮਾਨਸਾ, 4 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਰਚ ਮਹੀਨੇ 'ਚ ਕਰਵਾਏ ਜਾ ਰਹੇ 'ਸਰਸ ਮੇਲੇ' ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਇਹ ਜਾਣਕਾਰੀ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਦਿੰਦਿਆਂ ਕਿਹਾ ਕਿ ਮੇਲਾ ਪੰਜਾਬ ਦੀਆਂ ਅਮੀਰ ਲੋਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਵਰਦਾਨ ਸਾਬਤ ਹੋਵੇਗਾ | ਉਨ੍ਹਾਂ ਦੱਸਿਆ ਕਿ ਮੇਲੇ ਦੀ ਰੌਣਕ ਵਧਾਉਣ ਲਈ ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਰਵਾਇਤੀ ਲੋਕ ਨਾਚਾਂ ਭੰਗੜਾ, ਗਿੱਧਾ ਅਤੇ ਸੰਮੀ ਦੀ ਪੇਸ਼ਕਾਰੀ ਕਰਨ ਵਾਲੇ ਗਰੁੱਪਾਂ, ਵਿਅਕਤੀਗਤ ਅਤੇ ਗਰੁੱਪ ਗਾਇਨ, ਗ਼ਜ਼ਲਗੋ, ਕਵੀਆਂ, ਥੀਏਟਰ ਗਰੁੱਪਾਂ ਅਤੇ ਸੋਲੋ ਡਾਂਸ ਕਲਾਕਾਰ 19 ਫਰਵਰੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 39 ਵਿਖੇ ਜਾਂ ਮੋਬਾਈਲ ਨੰਬਰ 81469-51139, 98765-15239 'ਤੇ ਸੰਪਰਕ ਕਰ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਸ ਮੇਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਕਲਾਕਾਰਾਂ ਦੀ ਮਿਹਨਤ ਅਤੇ ਹੁਨਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਵੱਡਾ ਜਰੀਆ ਹੈ |