ਮਹਿਰਾਜ, 11 ਮਾਰਚ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਵਲੋਂ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਮਹਿਰਾਜ-ਪੂਹਲਾ ਰੋਡ ਤੋਂ ਲੈ ਕੇ ਕੱਚਾ ਰਸਤਾ ਕੱਸੀ ਤੱਕ ਜੋ ਟੱਲਵਾਲੀ ਵਾਲੀ ਸੜਕ ਨੂੰ ਮਿਲਾਉਂਦਾ ਹੈ ਉਕਤ ਰਸਤੇ ਨੂੰ ਉੱਚਾ ਚੁੱਕ ਕੇ ਨਵੀਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਹਦੂਦ ਅੰਦਰ ਆਉਂਦੀ ਇਹ ਸੜਕ ਕਾਫ਼ੀ ਨੀਵੀਂ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਇਸ ਕੰਮ ਸਬੰਧੀ 18 ਅਗਸਤ 2025 ਨੂੰ ਨਗਰ ਪੰਚਾਇਤ ਵਲੋਂ ਮਤਾ ਪਾਸ ਕੀਤਾ ਗਿਆ ਸੀ ਅਤੇ ਇਸ ਲਈ ਲਗਭਗ 23 ਲੱਖ 28 ਹਜ਼ਾਰ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਸੀ | ਹੁਣ ਇਸ ਸੜਕ ਦੇ ਨਿਰਮਾਣ ਕਾਰਜ ਦੀ ਪੱਥਰ ਪਾਕੇ ਸ਼ੁਰੂਆਤ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵਲੋਂ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀ ਸਹੂਲਤ ਲਈ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ | ਇਸ ਮੌਕੇ ਐਮ ਸੀ ਬਲਵਿੰਦਰ ਸਿੰਘ, ਕੁਲਦੀਪ ਸਿੰਘ ਮੱਲ, ਮਨਜੀਤ ਸਿੰਘ ਭਾਨੂੰ ਆਦਿ ਹਾਜ਼ਰ ਸਨ |