ਬਾਲਿਆਂਵਾਲੀ, 12 (ਕੁਲਦੀਪ ਮਤਵਾਲਾ)-ਵਿਸ਼ਵ ਗਲੋਕੋਮਾ ਮੁਹਿੰਮ ਤਹਿਤ ਸੀ.ਐੱਚ.ਸੀ. ਬਾਲਿਆਂਵਾਲੀ ਵਿਖੇ ਬਜ਼ੁਰਗਾਂ ਦੀਆਂ ਅੱਖਾਂ ਦੀ ਸਕਰੀਨਿੰਗ ਕੀਤੀ ਤੇ ਜਾਗਰੂਕਤਾ ਕੈਂਪ ਲਗਾਇਆ | ਕੈਂਪ 'ਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਪਲਵੀ ਨੇ ਕਿਹਾ ਕਿ ਕਾਲਾ ਮੋਤੀਆ ਅੱਖਾਂ ਲਈ ਖ਼ਤਰਨਾਕ ਬਿਮਾਰੀ ਹੈ | ਜਿਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ | ਇਸ ਬਿਮਾਰੀ ਦੇ ਸ਼ੁਰੂਆਤ ਸਮੇਂ ਲੱਛਣ ਸਪੱਸ਼ਟ ਨਹੀਂ ਹੁੰਦੇ, ਇਸ ਲਈ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਐਸ.ਐਮ.ਓ. ਡਾ. ਸ਼ੈਲੀ ਅਰੋੜਾ ਨੇ ਦੱਸਿਆ ਕਿ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਅਤੇ ਪਰਿਵਾਰ ਵਿਚ ਗਲੋਕੋਮਾ ਦੀ ਇਤਿਹਾਸ ਵਾਲੇ ਲੋਕਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਕਮਲਜੀਤ ਸਿੰਘ ਨੇ ਹਾਜ਼ਰੀਨਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੀ ਸੰਭਾਲ ਕਰਨਾ ਤੇ ਬਚਾਅ ਕਰਨਾ ਬਹੁਤ ਜ਼ਰੂਰੀ ਹੈ, ਜਦਕਿ ਕਾਲੇ ਮੋਤੀਏ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਲ 'ਚ ਘੱਟੋ-ਘੱਟ 2 ਵਾਰੀ ਜਾਂਚ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਬਿਮਾਰੀਆਂ ਦਾ ਪਤਾ ਲੱਗ ਸਕੇ | ਇਸ ਮੌਕੇ ਸਮੂਹ ਸਿਹਤ ਕਰਮਚਾਰੀ ਤੇ ਕਲੈਰੀਕਲ ਸਟਾਫ਼ ਮੈਂਬਰ ਹਾਜ਼ਰ ਸਨ |