ਮਾਨਸਾ 'ਚ ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਸੜਕ ਦੇ ਨਮੂਨੇ ਹੋਏ ਫ਼ੇਲ੍ਹ <br/>
ਅਜੀਤ ਡੈਸਕ
06-04-2026
ਮਾਨਸਾ, 5 ਅਪ੍ਰੈਲ - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਤੋਂ ਮਾਨਸਾ ਖ਼ੁਰਦ ਨੂੰ ਜਾਂਦੀ ਸੰਪਰਕ ਸੜਕ, ਜਿਸ ਨੂੰ ਵੀ.ਵੀ.ਆਈ.ਪੀ. ਰੋਡ ਕਰ ਕੇ ਜਾਣਿਆਂ ਜਾਂਦਾ ਹੈ, ਨਵ-ਨਿਰਮਾਣ ਦੇ ਨਮੂਨੇ ਫ਼ੇਲ੍ਹ ਹੋ ਗਏ ਹਨ | ਭਾਵੇਂ ਇਹ ਸੜਕ ਹਾਲੇ ਨਿਰਮਾਣ ਅਧੀਨ ਹੈ ਪਰ 25 ਲੱਖ ਰੁਪਏ ਦੀ ਲਾਗਤ ਨਾਲ 700 ਫੁੱਟ ਦੇ ਕਰੀਬ ਬਣੀ ਸੜਕ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ | ਆਰ.ਸੀ.ਸੀ. ਸੜਕ 'ਤੇ ਘਟੀਆ ਮਟੀਰੀਅਲ ਵਰਤਣ ਦੇ ਮਾਮਲਾ ਉਦੋਂ ਚਰਚਾ 'ਚ ਆ ਗਿਆ ਜਦੋਂ ਡੇਢ ਕੁ ਮਹੀਨੇ ਬਾਅਦ ਸੜਕ ਟੁੱਟਣ ਦੇ ਨਾਲ ਹੀ ਕੁਝ ਥਾਵਾਂ 'ਤੇ ਖੱਡੇ ਪੈ ਗਏ | ਸਮਾਜ ਸੇਵੀ ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਦੀ ਅਗਵਾਈ 'ਚ 21 ਮੈਂਬਰੀ ਸੰਘਰਸ਼ ਕਮੇਟੀ ਨੇ ਮਾੜੀ ਸਮੱਗਰੀ ਅਤੇ ਨਿਯਮਾਂ ਤਹਿਤ ਸੜਕ ਨਾ ਬਣਨ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ | ਘਟੀਆ ਮਟੀਰੀਅਲ ਵਰਤਣ ਦਾ ਮਾਮਲਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧਿਆਨ 'ਚ ਆਉਣ 'ਤੇ ਉਨ੍ਹਾਂ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਕੀਤੇ | ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਬਲਜੀਤ ਕੌਰ ਐੱਸ.ਡੀ.ਐੱਮ. ਦੀ ਅਗਵਾਈ 'ਚ 5 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ, ਜਿਸ 'ਚ ਪੰਜਾਬ ਮੰਡੀ ਬੋਰਡ ਬਠਿੰਡਾ ਦੇ ਐੱਸ.ਈ. ਵਿਪਨ ਖੰਨਾ, ਮੰਡੀ ਬੋਰਡ ਦੇ ਐਕਸੀਅਨ, ਐੱਸ.ਡੀ.ਓ. ਮਿਊਾਸੀਪਲ ਇੰਜੀਨੀਅਰ ਤੇ ਨਗਰ ਕੌਂਸਲ ਦੇ ਈ.ਓ. ਸ਼ਾਮਿਲ ਸਨ | ਕਮੇਟੀ ਦੀ ਹਾਜ਼ਰੀ 'ਚ ਸੜਕ ਦੇ ਨਮੂਨੇ ਲੈ ਕੇ 3 ਅਪ੍ਰੈਲ ਨੂੰ ਉੱਚ ਸਰਕਾਰੀ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਐੱਮ.ਐੱਸ. ਰੈਲੀਐਂਟ ਇੰਜੀਨੀਅਰਜ਼ ਐਂਡ ਕੰਸਲਟੈਂਟਸ ਪਟਿਆਲਾ ਨੂੰ ਭੇਜੇ ਗਏ | ਨਮੂਨਿਆਂ ਦੀ ਰਿਪੋਰਟ ਅੱਜ ਦੇਰ ਸ਼ਾਮ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ, ਦੀ ਕਾਪੀ 'ਅਜੀਤ' ਕੋਲ ਉਪਲਬਧ ਹੈ | ਰਿਪੋਰਟ ਮੁਤਾਬਿਕ ਸੜਕ ਦੀ ਕਮਪ੍ਰੈਸਿਵ ਸਟਰੈਂਥ 30 ਐਨ/ਐੱਮ.ਐੱਮ. ਤੋਂ ਵੱਧ ਹੋਣੀ ਚਾਹੀਦੀ ਸੀ ਜਦਕਿ ਇਹ ਸਿਰਫ਼ 10.19 ਐਨ/ਐੱਮ.ਐੱਮ. ਪਾਈ ਗਈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸੜਕ ਦੀ ਮਜ਼ਬੂਤੀ ਇੱਕ ਤਿਹਾਈ ਹਿੱਸਾ ਵੀ ਨਹੀਂ ਹੈ | ਇਸ ਦੇ ਨਾਲ ਹੀ ਨਿਰਮਾਣ ਤਕਨੀਕੀ ਮਾਪਦੰਡਾਂ ਅਨੁਸਾਰ ਪੂਰੀ ਤਰ੍ਹਾਂ ਫ਼ੇਲ੍ਹ ਅਤੇ ਰੱਦ ਘੋਸ਼ਿਤ ਹੁੰਦਾ ਹੈ ਅਤੇ ਸੜਕ ਦਾ ਪੱਧਰ, ਟੈਂਡਰ ਕੀਮਤਾਂ ਅਤੇ ਪਾਈਪਾਂ ਨਾਲ ਸਬੰਧਿਤ ਹੋਰ ਕਈ ਤਰੁੱਟੀਆਂ ਵੀ ਸਾਹਮਣੇ ਆਈਆਂ ਹਨ | ਸੁਪਰਡੈਂਟ ਇੰਜੀਨੀਅਰ ਸ੍ਰੀ ਖੰਨਾ ਨੇ ਤਰੁੱਟੀਆਂ ਦੀ ਗੱਲ ਕਬੂਲਦਿਆਂ ਦੱਸਿਆ ਕਿ ਰਿਪੋਰਟ ਡੀ.ਸੀ. ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਅਪ੍ਰੈਲ ਨੂੰ ਰਿਪੋਰਟ ਕਾਰਵਾਈ ਲਈ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੀ ਜਾਵੇਗੀ | ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਦੂਸਰੇ ਪਾਸੇ ਸੰਘਰਸ਼ ਕਮੇਟੀ ਦੇ ਆਗੂ ਗੁਰਲਾਭ ਸਿੰਘ ਮਾਹਲ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਧੰਨਾ ਮੱਲ ਗੋਇਲ, ਕਾ. ਨਛੱਤਰ ਸਿੰਘ ਖੀਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਸ਼ਹਿਰ 'ਚ ਹੋ ਰਹੇ ਵਿਕਾਸ ਕਾਰਜਾਂ 'ਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸ਼ਹਿਰ 'ਚ ਬਣੀਆਂ ਤੇ ਨਿਰਮਾਣ ਅਧੀਨ ਸਾਰੀਆਂ ਸੜਕਾਂ ਦੀ ਜਾਂਚ ਚੌਕਸੀ ਵਿਭਾਗ ਤੋਂ ਕਰਵਾਈ ਜਾਵੇ | ਉਨ੍ਹਾਂ ਵਿਧਾਇਕ ਤੇ ਨਗਰ ਕੌਂਸਲ ਦੇ ਪ੍ਰਧਾਨ ਵਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਸੰਘਰਸ਼ ਕਮੇਟੀ ਨੂੰ ਬਦਨਾਮ ਕਰਨ ਵਾਲੀਆਂ ਕਾਰਵਾਈਆਂ ਦੀ ਨਿੰਦਿਆਂ ਕਰਦਿਆਂ ਦੋਸ਼ ਲਗਾਇਆ ਕਿ ਉਹ ਭਿ੍ਸ਼ਟਾਚਾਰ ਕਰਨ ਵਾਲੇ ਲੋਕਾਂ ਦਾ ਪੱਖ ਪੂਰ ਰਹੇ ਹਨ | ਸੰਘਰਸ਼ ਕਮੇਟੀ ਦੇ ਆਗੂਆਂ ਨੇ ਚੈਲੇਂਜ ਕੀਤਾ ਕਿ ਵਿਧਾਇਕ ਤੇ ਕੌਂਸਲ ਦੇ ਪ੍ਰਧਾਨ ਸ਼ਹਿਰੀਆਂ ਦੇ ਇਕੱਠ 'ਚ ਆ ਕੇ ਉਨ੍ਹਾਂ ਨਾਲ ਆਹਮੋ-ਸਾਹਮਣੇ ਪੱਖ ਰੱਖਣ | ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਉਪਰੋਕਤ ਸੜਕ ਨਿਰਮਾਣ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਕਰਵਾ ਕੇ ਗ਼ਬਨ 'ਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਸੜਕ ਮੁੜ ਬਣਾਈ ਜਾਵੇ ਅਤੇ ਵਾਧੂ ਗਈ ਰਕਮ ਦੀ ਰਿਕਵਰੀ ਪਾਈ ਜਾਵੇ |