ਸ਼ਹਿਰ 'ਚ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਲੋਕ ਡਾਹਢੇ ਪ੍ਰੇਸ਼ਾਨ <br/>
ਅਜੀਤ ਡੈਸਕ
06-04-2026
ਬੁਢਲਾਡਾ, 5 ਅਪ੍ਰੈਲ- ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਵਧਦੀ ਗਿਣਤੀ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਚੁੱਕੀ ਹੈ | ਸ਼ਹਿਰ ਦੇ ਬਾਹਰਲੇ ਹਾਈਵੇ ਤੋਂ ਲੈ ਕੇ ਬਾਜ਼ਾਰਾਂ, ਮੁੱਖ ਚੌਂਕਾਂ ਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੱਕ ਪਸ਼ੂ ਬਿਨਾਂ ਰੋਕ-ਟੋਕ ਘੁੰਮਦੇ ਨਜ਼ਰ ਆ ਰਹੇ ਹਨ | ਇਹ ਪਸ਼ੂ ਨਾ ਸਿਰਫ਼ ਆਵਾਜਾਈ 'ਚ ਰੁਕਾਵਟ ਪੈਦਾ ਕਰਦੇ ਹਨ ਸਗੋਂ ਕਈ ਵਾਰ ਰਾਹਗੀਰਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਵੀ ਕਰ ਚੁੱਕੇ ਹਨ | ਹਰ ਸਾਲ ਨਗਰ ਕੌਂਸਲ ਵਲੋਂ ਗਊ ਸੈੱਸ ਦੇ ਰੂਪ 'ਚ ਲੱਖਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਢੁਕਵਾਂ ਹੱਲ ਨਹੀਂ ਕੀਤਾ ਜਾ ਰਿਹਾ | ਬੁੱਧੀਜੀਵੀਆਂ ਨੇ ਤਿੱਖਾ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਗਊ ਸੈੱਸ ਤਾਂ ਵਸੂਲ ਕੀਤਾ ਜਾਂਦਾ ਹੈ ਪਰ ਇਸ ਦੀ ਵਰਤੋਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਗਲੀਆਂ 'ਚ ਆਵਾਰਾ ਪਸ਼ੂਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ, ਜੋ ਅਕਸਰ ਆਪਸ 'ਚ ਲੜਦੇ ਹੋਏ ਲੋਕਾਂ ਲਈ ਖ਼ਤਰਾ ਬਣ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਡਰ ਕਾਰਨ ਬੱਚਿਆਂ ਨੇ ਘਰਾਂ ਦੇ ਬਾਹਰ ਖੇਡਣਾ ਵੀ ਬੰਦ ਕਰ ਦਿੱਤਾ ਹੈ, ਜੋ ਚਿੰਤਾਜਨਕ ਹੈ | ਗੌਰਤਲਬ ਹੈ ਕਿ ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀਆਂ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ ਸਨ ਪਰ ਅਕਸਰ ਹੀ ਵੇਖਣ 'ਚ ਆਇਆ ਹੈ ਕਿ ਸੰਘਰਸ਼ ਤੋਂ ਬਾਅਦ ਹੀ ਕੁਝ ਸਮੇਂ ਲਈ ਕਾਰਵਾਈ ਹੁੰਦੀ ਹੈ ਪਰ ਫਿਰ ਹਾਲਾਤ ਪਹਿਲਾਂ ਵਰਗੇ ਹੋ ਜਾਂਦੇ ਹਨ |
ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਕੀਤੀ ਜਾਵੇਗੀ ਮੀਟਿੰਗ-ਕੌਂਸਲ ਪ੍ਰਧਾਨ
ਨਗਰਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਬੈਂਸ ਨੇ ਆਖਿਆ ਕਿ ਸ਼ਹਿਰ 'ਚ ਘੁੰਮ ਰਹੇ ਪਸ਼ੂਆਂ ਦੇ ਹੱਲ ਲਈ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ 'ਚ ਵਿਚਾਰ ਚਰਚਾ ਕਰਨ ਉਪਰੰਤ ਅਫ਼ਸਰਾਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀ ਇਸ ਸਮੱਸਿਆ ਤੋਂ ਨਿਜਾਤ ਪਾ ਸਕਣ |
ਪ੍ਰਸ਼ਾਸਨ ਵਲੋਂ ਸਮੱਸਿਆ ਦਾ ਹੋਵੇ ਢੁਕਵਾਂ ਹੱਲ-ਨਗਰ ਸੁਧਾਰ ਸਭਾ
ਨਗਰ ਸੁਧਾਰ ਸਭਾ ਦੇ ਕੋਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਮੱਸਿਆ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਤੇ ਸਬੰਧਿਤ ਵਿਭਾਗਾਂ ਵਲੋਂ ਸਿਰਫ਼ ਕਾਗ਼ਜ਼ੀ ਕਾਰਵਾਈ ਹੀ ਕੀਤੀ ਜਾ ਰਹੀ ਹੈ ਜਦਕਿ ਜ਼ਮੀਨੀ ਪੱਧਰ 'ਤੇ ਹਾਲਾਤ ਜਿਉਂ ਦੇ ਤਿਉਂ ਹਨ |