ਮਹਿਮਾ ਸਰਜਾ, 13 ਅਪ੍ਰੈਲ (ਬਲਦੇਵ ਸੰਧੂ): ਵਿਸਾਖੀ ਦੇ ਦਿਨ ਬਠਿੰਡਾ ਖੇਤਰ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਜਿਣਸ ਦੇ ਅੰਬਾਰ ਲੱਗ ਚੁੱਕੇ ਹਨ, ਪਰ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕਰਨ ਮਾਮਲੇ ਵਿਚ ਹਾਲੇ ਚੁੱਪ ਸਾਧੀ ਹੋਈ ਹੈ | ਦੂਜੇ ਪਾਸੇ ਕੇਂਦਰੀ ਖ਼ਰੀਦ ਏਜੰਸੀਆਂ ਪੰਜਾਬ ਵਿਚ ਮੀਂਹ ਝੱਖੜ ਗੜ੍ਹੇਮਾਰੀ ਕਾਰਨ ਦੌਰਾ ਕਰ ਰਹੀਆਂ | ਗੌਰਤਲਬ ਹੈ ਕਿ ਮੌਸਮ ਸਾਫ਼ ਹੁੰਦੇ ਹੀ ਮੰਡੀਆਂ ਵਿਚ ਦੋ-ਤਿੰਨ ਦਿਨਾਂ ਵਿਚ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ | ਸਰਕਾਰ ਵਲੋਂ 1 ਅਪ੍ਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਦਾਅਵੇ ਦੇ ਬਾਵਜੂਦ 13 ਅਪ੍ਰੈਲ ਤੱਕ ਗੋਨਿਆਣਾ ਦੀਆਂ ਅਨਾਜ ਮੰਡੀਆਂ ਵਿਚ ਬੋਲੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ | ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਕਰਨ ਸਿੰਘ ਬਰਾੜ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਗੁਰਪਾਲ ਸਿੰਘ ਦਿਉਣ ਨੇ ਕਿਹਾ ਕਿ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਫ਼ਸਲ ਤੁਰੰਤ ਖ਼ਰੀਦੀ ਜਾਵੇਗੀ ਅਤੇ 24 ਘੰਟਿਆਂ ਵਿਚ ਭੁਗਤਾਨ ਹੋਵੇਗਾ, ਪਰ ਕਿਸਾਨ ਜਿਣਸ ਕੇਂਦਰਾਂ ਵਿਚ ਖ਼ੱਜਲ-ਖੁਆਰ ਹੋ ਰਹੇ ਹਨ | ਉਨ੍ਹਾਂ ਕਿਹਾ ਪੂਰੇ ਸੂਬੇ ਦੇ ਕਿਸਾਨਾਂ ਦੀ ਫ਼ਸਲ ਨੂੰ ਇੱਕੋ ਰੱਸੇ ਬੰਨ੍ਹਣਾ ਠੀਕ ਨਹੀਂ | ਉਨ੍ਹਾਂ ਕਿਹਾ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ | ਉਨ੍ਹਾਂ ਕਿਸਾਨਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ | ਜ਼ਿਕਰਯੋਗ ਜ਼ਿਲ੍ਹੇ ਦੀਆਂ ਵੱਖ ਦਾਣਾ ਮੰਡੀਆਂ ਬੁਰਜ, ਦਿਉਣ, ਮਹਿਮਾ ਸਰਜਾ, ਬੱਲੂਆਣਾ, ਸਿਵੀਆਂ, ਗੋਨਿਆਣਾ, ਦਾਨ ਸਿੰਘ ਵਾਲਾ, ਗੰਗਾ, ਆਕਲੀਆਂ, ਨੇਹੀਆਂ ਵਾਲਾ ਵਿਖੇ ਕਣਕ ਦੇ ਢੇਰ ਨਜ਼ਰ ਆ ਰਹੇ ਹਨ | ਮਹਿਮਾ ਸਰਜਾ ਮੰਡੀ ਵਿਚ ਬੈਠੇ ਕਿਸਾਨ ਗੁਰਜੀਤ ਸਿੰਘ, ਅਜੈਬ ਸਿੰਘ, ਜਸਵੰਤ ਸਿੰਘ, ਭੋਲਾ ਸਿੰਘ, ਤੇਜਾ ਸਿੰਘ, ਮੇਜਰ ਸਿੰਘ, ਹਰਵਿੰਦਰ ਸ਼ਰਮਾ ਨੇ ਦੱਸਿਆ ਕਿ ਇੱਕ ਪਾਸੇ ਕੁਦਰਤ ਨੇ ਪਹਿਲਾਂ ਹੀ ਕਿਸਾਨਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ | ਉੱਤੋਂ ਹਾਲੇ ਤੱਕ ਖ਼ਰੀਦ ਸ਼ੁਰੂ ਨਹੀਂ ਹੋਈ | ਉਨ੍ਹਾਂ ਕਿਹਾ ਪਹਿਲਾਂ ਆੜ੍ਹਤੀਆਂ ਦੀ ਹੜਤਾਲ ਤੇ ਹੁਣ ਖ਼ਰੀਦ ਏਜੰਸੀਆਂ ਵਲੋਂ ਪੈਰ ਪਿੱਛੇ ਖਿੱਚਣਾ ਚਿੰਤਾ ਦਾ ਵਿਸ਼ਾ ਹੈ | ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਆ ਰਹੀ ਕਣਕ ਸਰਕਾਰੀ ਮਾਪਦੰਡਾਂ ਅਨੁਸਾਰ ਨਹੀਂ ਹੈ ਅਤੇ ਇਸ ਨੂੰ ਐੱਫ.ਏ.ਕਿਊ. ਮਿਆਰਾਂ ਤਹਿਤ ਖ਼ਰੀਦਣਾ ਸੰਭਵ ਨਹੀਂ | ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਖ਼ਰੀਦ ਮਾਪਦੰਡਾਂ ਵਿਚ ਰਾਹਤ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਕੇਂਦਰ ਕੋਲੋਂ ਪੰਜਾਬ ਵਿਚ ਮੀਂਹ, ਗੜਿ੍ਹਆਂ ਅਤੇ ਹਨ੍ਹੇਰੀਆਂ ਕਾਰਨ ਹੋਏ ਖ਼ਰਾਬੇ ਕਾਰਨ ਘੱਟ ਝਾੜ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਰਾਜਸਥਾਨ ਨੂੰ ਦਿੱਤੀ ਗਈ ਛੋਟ ਦੀ ਤਰਜ਼ 'ਤੇ ਕਣਕ ਦੀ ਨਮੀ ਦੀ ਮਾਤਰਾ ਨੂੰ 12 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰਨ, ਲਸਟਰ ਲੌਸ ਵਿਚ 50 ਫ਼ੀਸਦੀ ਤੱਕ ਛੋਟ ਦੇਣ, ਸੁੰਗੜੇ ਤੇ ਟੁੱਟੇ ਹੋਏ ਕਣਕ ਦੇ ਦਾਣਿਆਂ ਦੀ ਹੱਦ 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ |
ਪਿੰਡ ਕੋਠੇ ਚੇਤ ਸਿੰਘ ਕੋਈ ਅਧਿਕਾਰੀ ਗਿਰਦਾਵਰੀ ਲਈ ਨਹੀਂ ਪੁੱਜਾ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਹੱਦ ਨਾਲ ਲੱਗਦੇ ਬਠਿੰਡਾ ਦੇ ਦਰਜਨ ਪਿੰਡਾਂ ਵਿਚ 4 ਅਪ੍ਰੈਲ ਨੂੰ ਗੜ੍ਹੇਮਾਰੀ ਹੋਣ ਕਾਰਨ ਹਜ਼ਾਰਾਂ ਏਕੜ ਕਣਕ ਦੀ ਪੱਕੀ ਹੋਈ ਫ਼ਸਲ ਤੋਂ ਇਲਾਵਾ ਕਿਸਾਨਾਂ ਦਾ ਚਾਰਾ, ਸਰੋਂ੍ਹ, ਹਰੀਆਂ ਸਬਜ਼ੀਆਂ ਤਬਾਹ ਹੋ ਗਈਆਂ ਸਨ | ਜਿਸ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਮਾਲ ਵਿਭਾਗ ਨੂੰ ਦਿੱਤੇ ਗਏ ਸਨ | ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਛਿੰਦਰਪਾਲ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਵਿਖੇ ਹੁਣ ਤੱਕ ਕੋਈ ਮਾਲ ਵਿਭਾਗ ਦਾ ਕੋਈ ਵੀ ਅਧਿਕਾਰੀ ਗੜ੍ਹੇਮਾਰੀ ਫ਼ਸਲ ਦੀ ਗਿਰਦਾਵਰੀ ਕਰਨ ਨਹੀਂ ਪੁੱਜਿਆ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ, ਉਨ੍ਹਾਂ ਕਿਹਾ ਕਿ 7 ਅਪ੍ਰੈਲ ਨੂੰ ਸ੍ਰੀ ਮੁਕਤਸਰ ਹਾਈਵੇ 'ਤੇ ਧਰਨਾ ਲਗਾ ਕੇ ਜਲਦ ਗੜ੍ਹੇਮਾਰੀ ਫ਼ਸਲ ਦੀ ਗਿਰਦਾਵਰੀ ਦੀ ਮੰਗ ਕੀਤੀ ਸੀ |
ਵਿਸਾਖੀ ਮੌਕੇ ਮੰਡੀਆਂ 'ਚ ਕਣਕ ਦੀ ਆਮਦ ਜ਼ੋਰਾਂ 'ਤੇ ਪੁੱਜੀ
ਅਜੀਤ ਡੈਸਕ
14-04-2026