ਤਲਵੰਡੀ ਸਾਬੋ 26 ਅਪ੍ਰੈਲ (ਰਣਜੀਤ ਸਿੰਘ ਰਾਜੂ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪਿਛਲੇ ਸਮਿਆਂ ਚ ਦੇਸ਼ ਦੇ ਮਸਲਿਆਂ ਤੇ ਹੋਰ ਸਮਾਜਿਕ ਗੱਲਾਂ ਨੂੰ ਲੋਕਾਂ ਨਾਲ ਸਾਂਝੀਆਂ ਕਰਨ ਦੇ ਮਨੋਰਥ ਨਾਲ ਆਰੰਭੇ ਪ੍ਰੋਗਰਾਮ 'ਮਨ ਕੀ ਬਾਤ' ਨੂੰ ਹੁਣ ਭਾਜਪਾ ਲੀਡਰਸ਼ਿਪ ਨੇ ਵੱਡੇ ਪੱਧਰ 'ਤੇ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਮੂਹਿਕ ਰੂਪ ਚ ਸੁਨਣ ਦੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਤੇ ਇਸੇ ਲੜੀ 'ਚ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਭਾਜਪਾ ਆਗੂਆਂ ਨੇ ਇਕੱਤਰ ਹੋ ਕੇ 'ਮਨ ਕੀ ਬਾਤ' ਦੇ 133ਵੇਂ ਭਾਗ ਨੂੰ ਸੁਣਿਆ | ਸਥਾਨਕ ਭਾਜਪਾ ਲੀਡਰਸ਼ਿਪ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਭਾਜਪਾ ਆਗੂਆਂ ਨੇ ਸਥਾਨਕ ਅਗਰਵਾਲ ਧਰਮਸ਼ਾਲਾ 'ਚ ਇਕ ਜਨਤਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਦੇ ਸਿੱਧੇ ਪ੍ਰਸਾਰਣ ਨੂੰ ਸੁਣਿਆ | ਉਕਤ ਜਨਤਕ ਪ੍ਰੋਗਰਾਮ ਚ ਭਾਜਪਾ ਦੇ ਮੰਡਲ ਤਲਵੰਡੀ ਸਾਬੋ ਪ੍ਰਧਾਨ ਦੇਵੀ ਦਿਆਲ ਗੋਇਲ, ਬਠਿੰਡਾ (ਦਿਹਾਤੀ) ਦੇ ਸੈਕਟਰੀ ਅਮਨਕਾਂਤ ਬਾਂਸਲ (ਚੱਠਾ), ਤਲਵੰਡੀ ਸਾਬੋ ਸ਼ਹਿਰ ਦੇ ਪੁਰਾਣੇ ਭਾਜਪਾ ਆਗੂ ਯਸ਼ਪਾਲ ਡਿੰਪੀ, ਰਾਮਾਂ ਮੰਡੀ ਨਗਰ ਤੋਂ ਸੋਸ਼ਲ ਮੀਡੀਆ ਇੰਚਾਰਜ ਨਿਰਮਲ ਸ਼ਰਮਾ, ਮਹਿਲਾ ਮੋਰਚੇ ਦੀ ਸੀਨੀਅਰ ਆਗੂ ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਮੌਜੂਦ ਸਨ | ਆਗੂਆਂ ਅਨੁਸਾਰ ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਨੂੰ ਬਹੁਤ ਧਿਆਨ ਨਾਲ ਸੁਣਿਆ ਕਿਉਂਕਿ 'ਮਨ ਕੀ ਬਾਤ' ਸਿਰਫ਼ ਇਕ ਪ੍ਰੋਗਰਾਮ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੀਆਂ ਭਾਵਨਾਵਾਂ ਨੂੰ ਆਪਸ 'ਚ ਜੋੜਨ ਦਾ ਇਕ ਜ਼ਰੀਆ ਬਣ ਰਿਹਾ ਹੈ ਅਤੇ ਉਕਤ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਤਰੱਕੀ 'ਚ ਲੋਕਾਂ ਦੀ ਭਾਗੀਦਾਰੀ ਬਾਰੇ ਗੱਲ ਕਰਨ ਦੇ ਨਾਲ ਨਾਲ ਸਮਾਜ ਭਲਾਈ ਲਈ ਕਾਰਜ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਹਨ | ਉਸੇ ਤਰ੍ਹਾਂ ਅੱਜ ਦੇ ਪ੍ਰੋਗਰਾਮ ਵਿੱਚ ਦੇਸ਼-ਭਗਤੀ, ਵਿਕਾਸ ਅਤੇ ਦੇਸ਼ ਦੀ ਖ਼ੁਸ਼ਹਾਲੀ ਲਈ ਲੋਕ ਯੋਗਦਾਨ ਦੀ ਗੱਲ ਕੀਤੀ ਗਈ ਜਿਸ ਨਾਲ ਸਾਨੂੰ ਹੋਰ ਜ਼ਿਆਦਾ ਪ੍ਰੇਰਨਾ ਮਿਲੀ ਕਿ ਅਸੀਂ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ | ਭਾਜਪਾ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਯਤਨ ਕਰਾਂਗੇ ਕਿ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਦੇ ਪ੍ਰਸਾਰਣ ਨੂੰ ਹੋਰ ਵੱਡੇ ਪੱਧਰ 'ਤੇ ਆਯੋਜਿਤ ਕਰਕੇ ਆਮ ਲੋਕਾਂ ਨੂੰ ਵੀ ਸੁਨਣ ਲਈ ਪ੍ਰੇਰਿਆ ਜਾਵੇ |
ਭਾਜਪਾ ਆਗੂਆਂ ਨੇ ਸਮੂਹਿਕ ਰੂਪ ਚ ਪ੍ਰਧਾਨ ਮੰਤਰੀ ਦਾ 'ਮਨ ਕੀ ਬਾਤ' ਪ੍ਰੋਗਰਾਮ ਸੁਣਿਆ
ਅਜੀਤ ਡੈਸਕ
27-04-2026