ਰਾਮਪੁਰਾ ਫੂਲ, 26 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ): ਸਹਾਰਾ ਸਮਾਜ ਸੇਵਾ ਅਤੇ ਗਊ ਸੁਰੱਕਸ਼ਾ ਸੇਵਾ ਦਲ ਪੰਜਾਬ ਵਿਚ ਸਮਾਜ ਸੇਵਾ ਦੇ ਨਾਲ ਗਊ ਹੱਤਿਆ, ਤਸਕਰੀ, ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਪ੍ਰਧਾਨ ਸੰਦੀਪ ਵਰਮਾ ਉੱਤੇ ਬੀਤੀ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਧਮਕੀ ਦੇਣ ਅਤੇ ਹਮਲੇ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸੰਦੀਪ ਵਰਮਾ ਨੇ ਦੱਸਿਆ ਕਿ ਕੱਲ੍ਹ ਰਾਤ ਕਰੀਬ 8:15 ਮੈਂ ਆਪਣੀ ਕਾਰ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਤੋਂ ਫੂਲ ਬਾਜ਼ਾਰ ਹੁੰਦੇ ਹੋਏ ਸਦਰ ਬਾਜ਼ਾਰ ਵੱਲ ਜਾ ਰਿਹਾ ਸੀ | ਜਦੋਂ ਮੈਂ ਅਨਾਥ ਗਊ ਆਸ਼ਰਮ ਦੇ ਪਿੱਛੇ ਵਾਲੇ ਮੋੜ ਨੇੜੇ ਪਹੁੰਚਿਆ ਤਾਂ ਉਸ ਸਮੇਂ ਮੈਨੂੰ 3 ਮੋਟਰਸਾਈਕਲਾਂ 'ਤੇ ਸਵਾਰ ਕਰੀਬ 9 ਅਣਪਛਾਤੇ ਵਿਅਕਤੀਆਂ ਨੇ ਰੋਕ ਲਿਆ | ਉਕਤ ਵਿਅਕਤੀਆਂ ਕੋਲ ਤੇਜ਼ਧਾਰ ਹਥਿਆਰ ਸਨ | ਹਮਲਾਵਰਾਂ ਨੇ ਮੈਨੂੰ ਚਿੱਟੇ/ਹੈਰੋਇਨ ਦੇ ਖ਼ਿਲਾਫ਼ ਬੋਲਣ ਤੋਂ ਰੋਕਣ ਅਤੇ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ | ਡਰ ਦੇ ਮਾਹੌਲ ਵਿਚ ਮੈਂ ਆਪਣੀ ਕਾਰ ਭਜਾ ਕੇ ਆਪਣੀ ਜਾਨ ਬਚਾਈ | ਇਸ ਦੌਰਾਨ ਮੈਂ ਤੁਰੰਤ 100 ਨੰਬਰ 'ਤੇ ਪੁਲਿਸ ਨੂੰ ਸੂਚਨਾ ਵੀ ਦਿੱਤੀ | ਇਸ ਸੰਬੰਧੀ ਥਾਣਾ ਸਿਟੀ ਰਾਮਪੁਰਾ ਪੁਲਿਸ ਵਲੋਂ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਪਿਛਲੇ 21 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਨਿਭਾਅ ਰਹੀ ਹੈ | ਮੇਰੇ ਵਲੋਂ ਸ਼ਰਾਰਤੀ ਅਨਸਰਾਂ, ਨਸ਼ਾ ਤਸਕਰਾਂ, ਗਊ ਹੱਤਿਆ, ਤਸਕਰੀ, ਚੋਰੀਆਂ, ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖ਼ਿਲਾਫ਼ 100 ਦੇ ਕਰੀਬ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਚ ਮਾਮਲੇ ਦਰਜ ਕਰਵਾਏ ਗਏ ਹਨ | ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਹਮਲਾਵਰ ਕੋਣ ਸਨ | ਸਮਾਜਿਕ ਵਰਗਾਂ ਅਤੇ ਨਸ਼ਾ ਵਿਰੋਧੀ ਸੰਸਥਾਵਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |