ਗੋਨਿਆਣਾ, 27 ਅਪ੍ਰੈਲ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਅਧੀਨ ਪੈਂਦੀ ਸਪੋਰਟਕਿੰਗ ਇੰਡੀਆ ਲਿਮਟਿਡ ਫ਼ੈਕਟਰੀ ਪਿੰਡ ਜੀਦਾ ਦੇ ਮਜ਼ਦੂਰਾਂ ਵਲੋਂ ਬੀਤੇ ਦਿਨ ਤੋਂ ਆਪਣੀਆਂ ਜਾਇਜ਼ ਮੰਗਾਂ ਦੇ ਹੱਕ ਵਿਚ ਇਨਸਾਫ਼ ਨਾਂ ਮਿਲਣ ਕਰਕੇ ਕੀਤਾ ਜਾ ਰਿਹਾ ਪ੍ਰਦਰਸ਼ਨ, ਨਾਅਰੇਬਾਜ਼ੀ ਅਤੇ ਲਗਾਇਆ ਗਿਆ ਧਰਨਾ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ | ਉਕਤ ਫ਼ੈਕਟਰੀ ਦੇ ਵਿਚ ਦਿਹਾੜੀ ਕਰਦੇ ਮਜ਼ਦੂਰਾਂ ਵਲੋਂ ਗੁਰਦੁਆਰਾ ਰੋਣਕਸਰ ਸਾਹਿਬ ਪਿੰਡ ਜੀਦਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਕਿਯੂ (ਯੂ) ਯੂ.ਐਲ.ਓ. ਕਾਕਾ ਸਿੰਘ ਜੀਦਾ ਦੇ 200 ਦੇ ਕਰੀਬ ਮਜ਼ਦੂਰਾਂ ਨੇ ਇਕੱਠ ਕਰਕੇ ਅਗਲੀ ਰਾਜਨੀਤੀ ਤਹਿਤ ਸਵੇਰ ਸਮੇਂ ਜਿਉਂ ਹੀ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਨੈਸ਼ਨਲ ਹਾਈਵੇਂ-54 'ਤੇ ਪਿੰਡ ਜੀਦਾ ਕੋਲ ਧਰਨਾ ਲਗਾ ਚੁੱਕੇ ਸਨ, ਕਿ ਪੁਲਿਸ ਦੇ ਵੱਡੇ ਅਧਿਕਾਰੀ ਅਤੇ 100 ਦੇ ਕਰੀਬ ਪੁਲਿਸ ਮੁਲਾਜ਼ਮ ਧਰਨੇ ਵਾਲੀ ਥਾਂ 'ਤੇ ਪਹੁੰਚੇ ਜਿਨ੍ਹਾਂ ਨੇ ਜਬਰ ਦਸਤੀ ਧਰਨੇ ਨੂੰ ਚੁਕਵਾ ਕੇ 200 ਦੇ ਕਰੀਬ ਮਜ਼ਦੂਰਾਂ ਨੂੰ ਵੱਖ-ਵੱਖ ਵਹੀਕਲਾਂ ਰਾਹੀਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਲਿਜਾ ਕੇ ਬੰਦ ਕਰ ਦਿੱਤਾ | ਪ੍ਰਦਰਸ਼ਨਕਾਰੀ ਕਹਿ ਰਹੇ ਸਨ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ, ਜਿਨ੍ਹਾਂ ਵਿਚ ਤਨਖ਼ਾਹ 18,000 ਰੁਪਏ ਮਹੀਨਾ, ਡਿਊਟੀ ਸਮਾਂ 8 ਘੰਟੇ, ਮਜ਼ਦੂਰਾਂ ਨੂੰ ਤਨਖ਼ਾਹ ਦੀ ਸਲਿੱਪ ਦਿੱਤੀ ਜਾਵੇ ਆਦਿ ਦੀਆਂ ਮੰਗਾਂ ਹਨ | ਅੱਜ ਦੇ ਧਰਨੇ ਵਿਚ ਜੋਰਾ ਸਿੰਘ ਨਸਰਾਲੀ ਸੂਬਾਈ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਖ਼ਬਰ ਲਿਖੇ ਜਾਣ ਤੀਕ ਮਜ਼ਦੂਰਾਂ ਵਲੋਂ ਸਾਥੀਆਂ ਨੂੰ ਰਿਹਾਅ ਕਰਵਾਉਣ ਅਤੇ ਆਪਣੀਆਂ ਮੰਗਾਂ ਲਾਗੂ ਕਰਵਾਉਣ ਦੇ ਹੱਕ ਵਿਚ ਲਗਾਇਆ ਗਿਆ ਧਰਨਾ ਜਾਰੀ ਸੀ ਅਤੇ ਕੁਝ ਮਜ਼ਦੂਰਾਂ ਵਲੋਂ ਸਪੋਰਟਕਿੰਗ ਇੰਡੀਆ ਲਿਮਟਿਡ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ | ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਮਜ਼ਦੂਰਾਂ ਨੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਇਸ ਲਈ ਵਿਰੋਧ ਕੀਤਾ ਸੀ ਕਿ ਉਹ ਮਜ਼ਦੂਰਾਂ ਨੂੰ ਬਿਨ੍ਹਾਂ ਗੱਲਬਾਤ ਕੀਤੇ ਸਪੋਰਟਕਿੰਗ ਇੰਡੀਆ ਲਿਮਟਿਡ ਦੇ ਪ੍ਰਬੰਧਕਾਂ ਕੋਲ ਚਲੇ ਗਏ ਸੀ |