ਸੰਗਤ ਮੰਡੀ, 27 ਅਪ੍ਰੈਲ (ਸੁਖਤੇਜ ਧਾਲੀਵਾਲ): ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ 'ਤੇ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਸੰਗਤ ਵਿਖੇ ਅੱਜ ਪਹਿਲਾ ਆਸ਼ਾ ਵਰਕਰ ਦਿਵਸ ਮਨਾਇਆ ਗਿਆ | ਜਿਸ ਵਿਚ ਡਿਊਟੀ ਦੌਰਾਨ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਬਦਲੇ ਤਿੰਨ ਆਸ਼ਾ ਵਰਕਰਾਂ ਪਿੰਡ ਰਾਏਕੇ ਕਲਾਂ ਤੋਂ ਵੀਰਪਾਲ ਕੌਰ, ਪਿੰਡ ਬਾਂਡੀ ਤੋਂ ਕਰਮਜੀਤ ਕੌਰ ਅਤੇ ਪਿੰਡ ਕੁਟੀ ਕਿਸ਼ਨਪੁਰਾ ਤੋਂ ਲਖਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਾਮਿਲ ਬਾਂਸਲ ਵਲੋਂ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਹੌਸਲਾ ਅਫਜਾਈ ਕੀਤੀ ਗਈ | ਇਸ ਮੌਕੇ ਡਾ: ਬਾਂਸਲ ਨੇ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਅਤੇ ਨਾਗਰਿਕਾਂ ਵਿਚਕਾਰ ਇੱਕ ਅਹਿਮ ਕੜੀ ਵਜੋਂ ਕੰਮ ਕਰਦੀਆਂ ਹਨ ਅਤੇ ਸਿਹਤ ਸੇਵਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਜੱਚਾ-ਬੱਚਾ ਦੀ ਸਿਹਤ ਸੰਭਾਲ ਵਿਚ ਵੀ ਆਸ਼ਾ ਦੀ ਵੱਡੀ ਭੂਮਿਕਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਦੀ ਮਹੱਤਤਾ ਨੂੰ ਦੇਖਦੇ ਹੋਏ ਹਰ ਸਾਲ ਆਸ਼ਾ ਵਰਕਰ ਦਿਵਸ ਮਨਾਉਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ, ਜਿਸ ਨਾਲ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਵਧੇਗਾ | ਨੋਡਲ ਅਫ਼ਸਰ ਸਾਹਿਲ ਪੁਰੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਾਲ ਭਰ ਵਿਚ ਸਭ ਤੋਂ ਵੱਧ ਕੰਮ ਕਰਨ ਵਾਲੀਆਂ ਤਿੰਨ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਇਨ੍ਹਾਂ ਵਾਂਗ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਜੇਤੂਆਂ ਨੂੰ ਵਧਾਈ ਦਿੱਤੀ |