ਲਹਿਰਾ ਮੁਹੱਬਤ, 27 ਅਪੈ੍ਰਲ (ਸੁਖਪਾਲ ਸਿੰਘ ਸੁੱਖੀ): ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਖੇਡ ਮੈਦਾਨ ਵਿਚ ਸਕੂਲ ਦੀ ਪਿ੍ੰਸੀਪਲ ਕਾਵਿਆ ਅਸੀਜਾ ਦੀ ਅਗਵਾਈ ਹੇਠ ਕਲਾਸ ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਵਿਚਕਾਰ ਇੰਟਰਕਲਾਸ ਰਗਬੀ ਅਤੇ ਫੁੱਟਬਾਲ ਖੇਡ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਸਾਰੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ | ਖਿਡਾਰੀਆਂ ਦੀ ਊਰਜਾ ਅਤੇ ਦਰਸ਼ਕ ਵਿਦਿਆਰਥੀਆਂ ਦਾ ਜੋਸ਼ ਪੂਰੇ ਮੈਦਾਨ ਵਿਚ ਦੇਖਣਯੋਗ ਸੀ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮ ਵਰਕ ਅਤੇ ਖੇਡ ਕੁਸ਼ਲਤਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ | ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ, ਜਿਸ ਵਿਚ ਦੋਵੇਂ ਟੀਮਾਂ ਨੇ ਅੰਤ ਤੱਕ ਜਿੱਤ ਲਈ ਜ਼ੋਰਦਾਰ ਸੰਘਰਸ਼ ਕੀਤਾ | ਅੰਤ ਵਿਚ ਰਗਬੀ ਮੁਕਾਬਲੇ ਵਿਚ ਕਲਾਸ ਅੱਠਵੀਂ ਦੇ ਲੜਕਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਫੁੱਟਬਾਲ ਮੁਕਾਬਲੇ ਵਿਚ ਕਲਾਸ ਸੱਤਵੀਂ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ | ਇਸ ਮੁਕਾਬਲੇ ਦੌਰਾਨ ਸਕੂਲ ਦੇ ਚੇਅਰਮੈਨ ਕਮਲੇਸ਼ ਸਰਾਫ ਉਪ-ਚੇਅਰਮੈਨ ਅਮਿਤ ਸਰਾਫ, ਪਿ੍ੰਸੀਪਲ ਅਤੇ ਐਡਮਿਨ ਮੈਨੇਜਰ ਹਾਜ਼ਰ ਰਹੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ | ਮੁਕਾਬਲੇ ਦੇ ਸਮੇਂ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਕਿਹਾ ਕਿ ਖੇਡ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮਹੱਤਵਪੂਰਨ ਹਿੱਸਾ ਹਨ | ਬੱਚਿਆਂ ਵਿਚ ਆਤਮ-ਵਿਸ਼ਵਾਸ, ਨੇਤਿ੍ਤਵ ਸਮਰੱਥਾ ਅਤੇ ਸਹਿਯੋਗ ਦੀ ਭਾਵਨਾ ਨੂੰ ਵਿਕਸਿਤ ਕਰਦੇ ਹਨ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਵੱਖ-ਵੱਖ ਪੱਧਰਾਂ ਦੇ ਖੇਡ ਮੁਕਾਬਲਿਆਂ ਵਿਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਕੂਲ ਪ੍ਰਬੰਧਕਾਂ ਨੇ ਇਸ ਕੈਡ ਮੁਕਾਬਲੇ ਦੀ ਸਫਲਤਾ ਲਈ ਸਾਰੇ ਖੇਡ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ |