ਬਠਿੰਡਾ, 13 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ, ਆਈ. ਏ. ਐਸ. ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਸੜਕਾਂ ਤੇ ਬਹੁਤ ਸਾਰੇ ਅਜਿਹੇ ਵਹੀਕਲ ਜੋ ਮੋਟਰ ਵਹੀਕਲ ਐਕਟ 1988 ਦੇ ਨਿਯਮਾਂ ਅਨੁਸਾਰ ਸੜਕਾਂ 'ਤੇ ਚੱਲਣਯੋਗ ਹੀ ਨਹੀਂ ਹਨ, ਉਨ੍ਹਾਂ ਦੇ ਚਲਾਉਣ ਤੇ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਪਾਬੰਦੀ ਲਗਾਈ ਗਈ ਹੈ | ਹੁਕਮਾਂ ਅਨੁਸਾਰ ਉਹ ਵਹੀਕਲ ਜੋ ਉਨ੍ਹਾਂ ਦੇ ਮਾਲਕਾਂ, ਪ੍ਰਬੰਧਕਾਂ ਜਾਂ ਉਨ੍ਹਾਂ ਦੇ ਮੁਲਾਜ਼ਮਾਂ ਵਲੋਂ ਚਲਾਏ ਜਾਂਦੇ ਹਨ, ਜਿਸ ਨਾਲ ਅਜਿਹੇ ਵਹੀਕਲ ਨਾ ਸਿਰਫ਼ ਸਰਕਾਰੀ ਹਦਾਇਤਾਂ ਤਹਿਤ ਬਣੇ ਪ੍ਰਦੂਸ਼ਣ ਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਬਲਕਿ ਅਜਿਹੇ ਵਹੀਕਲਜ ਬਹੁਤ ਸਾਰੇ ਕੇਸਾਂ ਵਿਚ ਭਿਆਨਕ ਸੜਕ ਦੁਰਘਟਨਾਵਾਂ ਦਾ ਵੀ ਕਾਰਨ ਬਣਦੇ ਹਨ, ਜਿਸ ਨਾਲ ਆਮ ਜਨਤਾ ਦੀ ਸਿਹਤ, ਜ਼ਿੰਦਗੀ ਅਤੇ ਸੁਰੱਖਿਆ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਅਜਿਹੇ ਵਹੀਕਲਾਂ ਵਲੋਂ ਕੀਤੀਆਂ ਗਈਆਂ ਦੁਰਘਟਨਾਵਾਂ ਕਾਰਨ ਨਾ ਸਿਰਫ਼ ਅਮਨ-ਕਾਨੂੰਨ ਭੰਗ ਹੁੰਦਾ ਹੈ ਬਲਕਿ ਅਜਿਹੇ ਵਹੀਕਲ ਲੋਕਾਂ ਵਿਚ ਲੜਾਈ ਝਗੜੇ ਦਾ ਕਾਰਨ ਵੀ ਬਣ ਜਾਂਦੇ ਹਨ | ਉਕਤ ਵਹੀਕਲਾਂ ਵਲੋਂ ਕੀਤੀਆਂ ਗਈਆਂ ਅਜਿਹੀਆਂ ਕੁਤਾਹੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ | ਇਸ ਲਈ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੇ ਰੋਕ ਲਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ | ਹੁਕਮਾਂ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਵਹੀਕਲਾਂ ਦੇ ਮਾਲਕ, ਪ੍ਰਬੰਧਕ, ਉਨ੍ਹਾਂ ਦੇ ਮੁਲਾਜ਼ਮ ਜਾਂ ਪ੍ਰਤੀਨਿਧੀ ਅਜਿਹੇ ਕਿਸੇ ਵੀ ਵਹੀਕਲ ਨੂੰ ਜ਼ਿਲ੍ਹਾ ਬਠਿੰਡਾ ਦੀਆਂ ਸੜਕਾਂ, ਪ੍ਰਾਈਵੇਟ ਮਾਰਕੀਟਾਂ ਜਾਂ ਹੋਰ ਪਬਲਿਕ ਥਾਵਾਂ 'ਤੇ ਨਹੀਂ ਚਲਾਉਣਗੇ, ਜੋ ਮੋਟਰ ਵਹੀਕਲ ਐਕਟ 1988 ਦੇ ਤਹਿਤ ਬਣੇ ਨਿਯਮਾਂ ਅਨੁਸਾਰ ਸੜਕਾਂ ਤੇ ਚੱਲਣ ਦੇ ਯੋਗ ਨਹੀਂ ਹਨ | ਇਹ ਹੁਕਮ 13 ਮਈ 2026 ਮਈ ਤੋਂ ਲੈ ਕੇ 12 ਜੁਲਾਈ 2026 ਤੱਕ ਲਾਗੂ ਰਹਿਣਗੇ |