ਮਾਨਸਾ, 6 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਰਿਟਾਇਰਡ ਇੰਪਲਾਈਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਹੋਈ | ਸੰਬੋਧਨ ਕਰਦਿਆਂ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ ਨੇ ਦੋਸ਼ ਲਗਾਇਆ ਕਿ ਸਰਕਾਰ ਮਹਿੰਗਾਈ ਭੱਤੇ, ਤਨਖ਼ਾਹ ਕਮਿਸ਼ਨ ਦੇ ਬਕਾਏ ਸਬੰਧੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੋਵੇਗੀ, ਜਿਸ ਨੇ ਹਾਈਕੋਰਟ 'ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖਿਲਾਫ ਡਬਲ ਬੈਂਚ ਤੱਕ ਪਹੁੰਚ ਕੀਤੀ ਹੋਵੇ | ਉਨ੍ਹਾਂ ਸਰਕਾਰ ਵਲੋਂ ਕੋਰਟ 'ਚ ਪੇਸ਼ ਤੱਥਹੀਣ ਅਤੇ ਗੈਰ ਪ੍ਰਸੰਗਕ ਸੀਲਬੰਦ ਰਿਪੋਰਟ ਲਈ ਵੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ | ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਪਮਾਰ, ਜਗਦੀਸ਼ ਰਾਏ, ਕੇਵਲ ਸਿੰਘ ਮਾਨਸਾ, ਹਾਕਮ ਸਿੰਘ ਅਤੇ ਹਰਬੰਸ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸੇਵਾ ਕੇਂਦਰ ਦੇ ਮੁਲਾਜ਼ਮ ਜੋ ਪਿਛਲੇ 11 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਦੀਆਂ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕਰੇ | ਆਗੂਆਂ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਦੀ ਪੇਸ਼ ਰਿਪੋਰਟ ਤੱਥ ਆਧਾਰਿਤ ਨਹੀਂ ਜਾਪਦੀ | ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਤੇ ਕੱਟੇ ਗਏ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਪੈਨਸ਼ਨ ਨੂੰ ਪਾਇਰਟੀ ਗੁਣਾਂਕ 2.59 ਨਾਲ ਲਾਗੂ ਕੀਤਾ ਜਾਵੇ | ਵਿਭਾਗਾਂ ਦੀਆਂ ਪੈਨਸ਼ਨਰਜ਼ ਐਸੋਸੀਏਸ਼ਨਾਂ 'ਤੇ ਆਧਾਰਿਤ ਸਾਂਝੀ ਐਕਸ਼ਨ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਵੀ ਭੇਜਿਆ ਗਿਆ | ਇਸ ਮੌਕੇ ਅਜੈਬ, ਸੁਰਜੀਤ ਸਿੰਘ ਖਿਆਲਾ, ਜੀਤ ਸਿੰਘ ਭੁੱਲਰ, ਜਗਸੀਰ ਸਿੰਘ ਢਿੱਲੋਂ, ਜਸਵੰਤ ਸਿੰਘ ਕੁਲਿਹਰੀ, ਮੈਨੇਜਰ ਸਵਿੰਦਰ ਸਿੰਘ, ਬਾਦਸ਼ਾਹ ਸਿੰਘ, ਪਰਮਜੀਤ ਕੌਰ ਮਾਨਸਾ, ਸ਼ਮਸ਼ੇਰ ਸਿੰਘ ਗਿੱਲ, ਗੁਰਦੇਵ ਸਿੰਘ ਕੋਟਧਰਮੂ, ਗੋਰਾ ਲਾਲ ਅਤਲਾ ਆਦਿ ਹਾਜ਼ਰ ਸਨ |