ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜ਼ੋਰਾਂ ’ਤੇ-ਡੀ.ਸੀ.
ਮਾਨਸਾ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ 6. 50 ਲੱਖ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਪੂਰੇ ਉਤਸ਼ਾਹ ਨਾਲ ਪ੍ਰਗਤੀ ਅਧੀਨ ਹੈ।
ਮਾਨਸਾ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਪੂਰੇ ਉਤਸ਼ਾਹ ਨਾਲ ਪ੍ਰਗਤੀ ਅਧੀਨ ਹੈ। ਨਵਜੋਤ ਕੌਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਦੀ ਆਬੋ-ਹਵਾ ਅਤੇ ਪਰੰਪਰਾ ਅਨੁਕੂਲ ਛਾਂਦਾਰ ਰੁੱਖਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਬੋਹੜ, ਪਿੱਪਲ, ਨਿੰਮ ਅਤੇ ਟਾਹਲੀ ਵਰਗੇ ਪਰੰਪਰਾਗਤ ਬੂਟੇ ਲਗਾਏ ਜਾ ਰਹੇ ਹਨ, ਜੋ ਨਾ ਕੇਵਲ ਭਰਪੂਰ ਆਕਸੀਜਨ ਤੇ ਸੰਘਣੀ ਛਾਂ ਪ੍ਰਦਾਨ ਕਰਦੇ ਹਨ, ਸਗੋਂ ਆਪਣੇ ਔਸ਼ਧੀ ਗੁਣਾਂ ਨਾਲ ਵਾਤਾਵਰਣ ਨੂੰ ਵੀ ਸ਼ੁੱਧ ਰੱਖਦੇ ਹਨ। ਇਸ ਤੋਂ ਇਲਾਵਾ ਅਮਲਤਾਸ, ਗੁਲਮੋਹਰ ਅਤੇ ਸੁਖਚੈਨ ਵਰਗੇ ਫੁੱਲਦਾਰ ਤੇ ਦੇਸੀ ਰੁੱਖ ਜਨਤਕ ਥਾਵਾਂ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਹਰਿਆਵਲ ‘ਚ ਚੋਖਾ ਵਾਧਾ ਕਰਦੇ ਹਨ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਅਦਾਰਿਆਂ ਦੀਆਂ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਉਨ੍ਹਾਂ ਦੀ ਯੋਗ ਸਾਂਭ-ਸੰਭਾਲ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ‘ਚ ਢੁਕਵੀਆਂ ਖਾਲੀ ਥਾਵਾਂ ਦੀ ਤੁਰੰਤ ਚੋਣ ਕੀਤੀ ਜਾਵੇ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਨੂੰ ਸਮਰਪਿਤ ਬਗੀਚੀਆਂ ਸਥਾਪਤ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਨਹਿਰਾਂ, ਛੱਪੜਾਂ ਅਤੇ ਖੁੱਲ੍ਹੇ ਮੈਦਾਨਾਂ ‘ਚ ਜਾਮੁਨ ਅਤੇ ਅਰਜੁਨ ਵਰਗੇ ਬੂਟੇ ਲਗਾ ਕੇ ਧਰਤੀ ਦੇ ਨਿਘਾਰ ਨੂੰ ਰੋਕਣ ਅਤੇ ਕੁਦਰਤੀ ਸੰਤੁਲਨ ਬਣਾਏ ਰੱਖਣ ਲਈ ਇਹ ਬਗੀਚੀਆਂ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਣਗੀਆਂ। ਵਣ ਮੰਡਲ ਅਫ਼ਸਰ ਸ਼੍ਰੀਧਰ ਪਵਨ ਅਨੁਸਾਰ ਸਰਕਾਰੀ ਨਰਸਰੀਆਂ ‘ਚ ਵੱਖ-ਵੱਖ ਕਿਸਮਾਂ ਦੇ ਬੂਟਿਆਂ ਦੀ ਪਨੀਰੀ ਤਿਆਰ ਪਈ ਹੈ।