15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਦਾ ਮਾਮਲਾ ਭਖਿਆ

ਮਾਨਸਾ, 16 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਮਾਨਸਾ-ਪਟਿਆਲਾ ਰੋਡ ’ਤੇ ਸਥਾਪਿਤ ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਦੀ ਮੰਗ ਭਖ ਗਈ ਹੈ। ਪਿਛਲੇ ਮਹੀਨਿਆਂ ਤੋਂ ਇਸ ਕਾਰਜ ਲਈ ਇਲਾਕਾ ਵਾਸੀ ਸੰਘਰਸ਼ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 17-08-2026
ਮਾਨਸਾ, 16 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਮਾਨਸਾ-ਪਟਿਆਲਾ ਰੋਡ ’ਤੇ ਸਥਾਪਿਤ ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਦੀ ਮੰਗ ਭਖ ਗਈ ਹੈ। ਪਿਛਲੇ ਮਹੀਨਿਆਂ ਤੋਂ ਇਸ ਕਾਰਜ ਲਈ ਇਲਾਕਾ ਵਾਸੀ ਸੰਘਰਸ਼ ਕਰ ਰਹੇ ਹਨ। ਕਾਬਲੇ-ਗ਼ੌਰ ਰਹੇ ਕਿ ਸਿਵਲ ਹਸਪਤਾਲ ਮਾਨਸਾ ਸ਼ਹਿਰ ਦੇ ਐਨ ਵਿਚਕਾਰ ਹੈ ਅਤੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਰੇਲਵੇ ਫਾਟਕ ਪਾਰ ਕਰਨ ਦੇ ਨਾਲ ਹੀ ਭੀੜ ਭਰੇ ਬਾਜ਼ਾਰਾਂ ’ਚੋਂ ਗੁਜ਼ਰਨਾ ਪੈਂਦਾ ਹੈ। ਅਕਸਰ ਰੇਲਵੇ ਫਾਟਕ ਬੰਦ ਹੀ ਰਹਿੰਦਾ ਹੈ, ਜਿਸ ਕਰ ਕੇ ਟਰੈਫ਼ਿਕ ਜਾਮ ਹੋ ਜਾਂਦਾ ਹੈ। ਉਂਝ ਵੀ ਮਰੀਜ਼ਾਂ ਨੂੰ ਇਸ ਹਸਪਤਾਲ ’ਚ ਪਹੁੰਚਾਉਣ ਲਈ ਸ਼ਹਿਰ ’ਚ ਹੀ ਅੱਧੇ ਘੰਟੇ ਦੇ ਕਰੀਬ ਸਮਾਂ ਲੱਗ ਜਾਂਦਾ ਹੈ, ਜਿਸ ਕਰ ਕੇ ਬਹੁਤੇ ਗੰਭੀਰ ਮਰੀਜ਼ ਰਸਤੇ ’ਚ ਹੀ ਦਮ ਤੋੜ ਜਾਂਦੇ ਹਨ। ਇਸੇ ਕਰ ਕੇ ਕੁਝ ਨੌਜਵਾਨਾਂ ਦੇ ਉੱਦਮ ਸਦਕਾ ਉਪਰੋਕਤ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਸਰਕਾਰੇ-ਦਰਬਾਰੇ ਵੀ ਪਹੁੰਚ ਕੀਤੀ ਗਈ ਅਤੇ ਇਲਾਕੇ ਦੇ 6 ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਇਸ ਮੁੱਦੇ ’ਤੇ ਅੱਜ ਜ਼ਿਲ੍ਹਾ ਵਾਸੀਆਂ ਵਲੋਂ ਵੱਡਾ ਇਕੱਠ ਕੀਤਾ ਗਿਆ। ਬੁਲਾਰਿਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਜ਼ਿਲ੍ਹੇ ਦੇ ਤਿੰਨੇ ਵਿਧਾਇਕ ਸੱਤਾਧਾਰੀ ਧਿਰ ਨਾਲ ਸਬੰਧਿਤ ਹਨ ਪਰ ਸਮਝ ਨਹੀਂ ਆ ਰਹੀ ਕਿ ਲੋਕਾਂ ਨਾਲ ਬੇਇਨਸਾਫ਼ੀ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਿਆਲਾ ਕਲਾਂ ’ਚ ਟਰੋਮਾ ਸੈਂਟਰ ਬਣਨ ਨਾਲ ਜ਼ਿਲ੍ਹਾ ਵਾਸੀਆਂ ਨੂੰ ਹੀ ਨਹੀਂ ਸਗੋਂ ਪਟਿਆਲਾ-ਬਠਿੰਡਾ ਸੜਕ ’ਤੇ ਹੁੰਦੇ ਸਾਰੇ ਹਾਦਸਾ ਗ੍ਰਸਤ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਸੀ.ਐਚ.ਸੀ. ਖ਼ਿਆਲਾ ਕਲਾਂ 1974 ’ਚ ਬਣਿਆ ਸੀ ਅਤੇ 52 ਸਾਲਾਂ ਬਾਅਦ ਵੀ ਪਦ ਉੱਨਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਜਗ੍ਹਾ ਦੀ ਘਾਟ ਦਾ ਬਹਾਨਾ ਲਗਾ ਕੇ ਟਾਲਾ ਵੱਟ ਜਾਂਦੀਆਂ ਹਨ ਪਰ ਖ਼ਿਆਲਾ ਕਲਾਂ ਹਸਪਤਾਲ ਕੋਲ ਨੈਸ਼ਨਲ ਹਾਈਵੇ ’ਤੇ ਕਰੋੜਾਂ ਰੁਪਏ ਦੀ ਕੀਮਤ ਵਾਲੀ 9 ਏਕੜ ਥਾਂ ਹੋਣ ਦੇ ਬਾਵਜੂਦ ਵੀ ਵੱਡਾ ਹਸਪਤਾਲ ਨਹੀਂ ਬਣਾਇਆ ਗਿਆ ਜਦਕਿ ਜ਼ਿਲ੍ਹੇ ’ਚ ਤ੍ਰਾਸਦੀ ਇਹ ਹੈ ਕਿ ਕੋਈ ਚੰਗਾ ਸਰਕਾਰੀ ਹਸਪਤਾਲ ਨਾ ਹੋਣ ਕਰ ਕੇ 90 ਫ਼ੀਸਦੀ ਮਰੀਜ਼ਾਂ ਨੂੰ ਲੁਧਿਆਣਾ, ਪਟਿਆਲਾ, ਚੰਡੀਗੜ੍ਹ ਆਦਿ ਲਈ ਰੈਫ਼ਰ ਕੀਤਾ ਜਾਂਦਾ ਹੈ ਪਰ ਬਹੁਤੇ ਰਸਤੇ ’ਚ ਦਮ ਤੋੜ ਦਿੰਦੇ ਹਨ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਜੇਕਰ ਜਲਦੀ ਮੰਗ ਪੂਰੀ ਨਾ ਹੋਈ ਤਾਂ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਕੱਠ ਦੀ ਵਿਸ਼ੇਸ਼ਤਾ ਇਹ ਸੀ ਕਿ ਵੱਖ-ਵੱਖ ਰਾਜਨੀਤਿਕ, ਸਮਾਜਿਕ, ਜਨਤਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡਾਂ ਦੇ ਆਮ ਲੋਕ ਹਾਜ਼ਰ ਸਨ। ਸੰਬੋਧਨ ਤੇ ਸ਼ਾਮਲ ਹੋਣ ਵਾਲਿਆਂ ’ਚ ਸੰਘਰਸ਼ ਕਮੇਟੀ ਦੇ ਆਗੂ ਸੁੱਖੀ ਖ਼ਿਆਲਾ, ਲਖਵੀਰ ਸਿੰਘ, ਜਗਸੀਰ ਸਿੰਘ, ਜਗਜੀਵਨ ਕੁਮਾਰ, ਹੰਸ ਰਾਜ ਮੋਫਰ, ਬਿੱਕਰ ਸਿੰਘ ਖ਼ਿਆਲਾ, ਧੰਨਾ ਮੱਲ ਗੋਇਲ, ਕੇਵਲ ਸਿੰਘ ਸਰਾਂ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਬੁਲਾਰੇ ਐਡਵੋਕੇਟ ਈਮਾਨ ਸਿੰਘ ਖਾਰਾ, ਕਿਸਾਨ ਆਗੂ ਰਾਮਫਲ ਚੱਕ ਅਲੀਸ਼ੇਰ, ਕਾਂਗਰਸ ਆਗੂ ਕੁਲਵੰਤ ਰਾਏ ਸਿੰਗਲਾ, ਗੁਰਪ੍ਰੀਤ ਸਿੰਘ ਵਿੱਕੀ, ਅਮਨ ਸਿੰਗਲਾ ਢੈਪਈ ਤੇ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ ਤੇ ਗੁਰਜੰਟ ਸਿੰਘ ਮਾਨਸਾ, ਸੀਟੂ ਦੇ ਕੁਲਵਿੰਦਰ ਸਿੰਘ ਉੱਡਤ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓਂ, ਸੀ.ਪੀ.ਆਈ. ਦੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਚੌਹਾਨ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਓਂ, ਸਮਾਜਿਕ ਕਾਰਕੁਨ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਹਰਦੀਪ ਸਿੰਘ ਜਟਾਣਾ, ਮਨਜੀਤ ਸਿੰਘ ਮੀਹਾਂ, ਐਡਵੋਕੇਟ ਸੰਦੀਪ ਘੰਡ, ਸਵਰਨ ਸਿੰਘ ਗੋਰੀਆ, ਸੁਖਵਿੰਦਰ ਸਿੰਘ ਸੁੱਖੀ ਆਦਿ ਸਨ। ਜਦੋਂ ਵਿਧਾਇਕ ਸਿੰਗਲਾ ਅਚਾਨਕ ਪੰਡਾਲ ’ਚ ਪੁੱਜੇ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਅਚਾਨਕ ਇਕੱਠ ’ਚ ਪੁੱਜੇ। ਉਨ੍ਹਾਂ ਮੰਨਿਆ ਕਿ ਟਰੋਮਾ ਸੈਂਟਰ ਬਣਾਏ ਜਾਣ ਦੀ ਮੰਗ ਜਾਇਜ਼ ਹੈ। ਵਿਧਾਇਕ ਨੇ ਭਰੇ ਪੰਡਾਲ ’ਚ ਮਹੀਨੇ ਦਾ ਸਮਾਂ ਮੰਗਦਿਆਂ ਐਲਾਨ ਕੀਤਾ ਕਿ ਜਲਦੀ ਹੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਨੂੰ ਮਿਲ ਕੇ ਖ਼ਿਆਲਾ ਕਲਾਂ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦ ਉੱਨਤ ਕਰਵਾ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਬਸਪਾ ਨੇ ਦੇਸ਼ ਦੇ ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਮਾਨਸਾ ’ਚ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਲਹਿਰਾਇਆ ਕੌਮੀ ਝੰਡਾ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦਾ ਨਿੱਘ...
Ad Position 24