ਪੰਜਾਬ ਦੀ ਕਿਸੇ ਵੀ ਸਰਕਾਰ ਨੇ ਬੋਹਾ ’ਚ ਬੱਸ ਅੱਡਾ ਬਣਾਉਣ ਬਾਰੇ ਨਾ ਸੋਚਿਆ ਹਾਲੇ ਵੀ ਸੜਕ ’ਤੇ ਰੁਕਦੀਆਂ ਨੇ ਬੱਸਾਂ
ਬੋਹਾ, 20 ਅਗਸਤ (ਰਮੇਸ਼ ਤਾਂਗੜੀ)- ਪੰਜਾਬ ’ਚ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਇੱਥੇ ਬੱਸ ਅੱਡਾ ਬਣਾਉਣ ਬਾਰੇ ਨਹੀਂ ਸੋਚਿਆ। ਮੌਜੂਦਾ ਆਪ ਸਰਕਾਰ ਨੇ ਇੱਥੇ ਸ਼ਾਨਦਾਰ ਬੱਸ ਅੱਡਾ ਬਣਾਉਣ ਦੀ ਗੱਲ ਕੀਤੀ ਹੈ ਪਰ ਇਸ ਸਰਕਾਰ ਦਾ 6 ਮਹੀਨਿਆਂ ਦਾ ਸਮਾਂ ਰਹਿ ਜਾਣ ’ਤੇ ਵੀ ਬੱਸ ਅੱਡੇ ਦੀ ਗੱਲ ਪ੍ਰਭਾਵੀ ਢੰਗ ਨਾਲ ਨਹੀਂ ਤੁਰੀ।
ਬੋਹਾ, 20 ਅਗਸਤ (ਰਮੇਸ਼ ਤਾਂਗੜੀ)- ਪੰਜਾਬ ’ਚ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਇੱਥੇ ਬੱਸ ਅੱਡਾ ਬਣਾਉਣ ਬਾਰੇ ਨਹੀਂ ਸੋਚਿਆ। ਮੌਜੂਦਾ ਆਪ ਸਰਕਾਰ ਨੇ ਇੱਥੇ ਸ਼ਾਨਦਾਰ ਬੱਸ ਅੱਡਾ ਬਣਾਉਣ ਦੀ ਗੱਲ ਕੀਤੀ ਹੈ ਪਰ ਇਸ ਸਰਕਾਰ ਦਾ 6 ਮਹੀਨਿਆਂ ਦਾ ਸਮਾਂ ਰਹਿ ਜਾਣ ’ਤੇ ਵੀ ਬੱਸ ਅੱਡੇ ਦੀ ਗੱਲ ਪ੍ਰਭਾਵੀ ਢੰਗ ਨਾਲ ਨਹੀਂ ਤੁਰੀ। ਹਰਿਆਣਾ ਰਾਜ ਨਾਲ ਲੱਗਦਾ ਸੂਬੇ ਦਾ ਇਹ ਆਖ਼ਰੀ ਸ਼ਹਿਰ ਹੈ, ਜਿਸ ਨਾਲ 50 ਤੋਂ ਵੱਧ ਪਿੰਡ ਜੁੜੇ ਹੋਏ ਹਨ। ਪਿੰਡਾਂ ਦੇ ਲੋਕ ਬੋਹਾ ਨਾਲ ਜੁੜੇ ਹਨ ਅਤੇ ਆਪਣੇ ਘਰੇਲੂ ਕੰਮ ਧੰਦੇ, ਲੈਣ-ਦੇਣ ਆਦਿ ਵੀ ਉਹ ਇੱਥੇ ਹੀ ਕਰਦੇ ਹਨ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਵੀ ਇੱਥੋਂ 100 ਪਿੰਡਾਂ ਦਾ ਆਉਣ-ਜਾਣ ਸੀ। ਇੱਥੋਂ ਦਾ ਲਾਹੌਰੀ ਥਾਣਿਆਂ ਇਲਾਕੇ ਦਾ ਸਭ ਤੋਂ ਵੱਡਾ ਥਾਣਾ ਹੁੰਦਾ ਸੀ। ਪੀ.ਆਰ.ਟੀ.ਸੀ. ਬੱਸਾਂ ਦੀ ਸਰਦਾਰੀ ਸਥਾਨਕ ਸ਼ਹਿਰ ’ਚੋਂ ਲੰਘਦੀ ਰਤੀਆ-ਬੁਢਲਾਡਾ ਸੜਕ ’ਤੇ ਪੀ.ਆਰ.ਟੀ.ਸੀ. ਡੀਪੂ ਬੁਢਲਾਡਾ ਦੀਆਂ ਬੱਸਾਂ ਹੀ ਚੱਲਦੀਆਂ ਹਨ। ਪ੍ਰਾਈਵੇਟ ਬੱਸਾਂ ਲਈ ਕਿਸੇ ਸਰਕਾਰ ਨੇ ਪਰਮਿਟ ਨਹੀਂ ਦਿੱਤੇ। ਇਹ ਬੱਸਾਂ ਹਰਿਆਣਾ ਦੇ ਸ਼ਹਿਰ ਰਤੀਆ, ਫ਼ਤਿਹਾਬਾਦ ਸਮੇਤ ਬੁਢਲਾਡਾ, ਚੰਡੀਗੜ੍ਹ, ਮਾਨਸਾ, ਬਠਿੰਡਾ ਅਤੇ ਹੋਰ ਕਈ ਵੱਡੇ ਸ਼ਹਿਰਾਂ ਵੱਲ ਚੱਲਦੀਆਂ ਹਨ। ਇਨ੍ਹਾਂ ਬੱਸਾਂ ਦੇ ਖੜ੍ਹਨ ਕਾਰਨ ਬੋਹਾ-ਰਤੀਆ ਮੁੱਖ ਸੜਕ ’ਤੇ 3 ਆਰਜ਼ੀ ਬੱਸ ਅੱਡੇ ਬਣੇ ਹੋਏ ਹਨ। ਮੁੱਖ ਅੱਡਾ ਤਿੰਨਾਂ ਦੇ ਵਿਚਕਾਰ ਸੰਘਣੀ ਮਾਰਕਿਟ ਕੋਲ ਹੈ ਜਿੱਥੇ ਬੱਸਾਂ ਦੋਵੇਂ ਪਾਸਿਓ ਆ ਕੇ ਸੜਕ ਕੰਢੇ ਹੀ ਰੁਕ ਜਾਂਦੀਆਂ ਹਨ। ਕਈ ਵਾਰ ਸਵਾਰੀਆਂ ਨੂੰ ਬੱਸਾਂ ਫੜਨ ਜਾਂ ਉੱਤਰਨ ਲੱਗੇ ਕਾਫ਼ੀ ਮੁਸ਼ਕਿਲ ਆਉਂਦੀ ਹੈ। ਆਰਜ਼ੀ ਅੱਡੇ ’ਤੇ ਸਵਾਰੀਆਂ ਖ਼ਾਸ ਕਰ ਕੇ ਔਰਤਾਂ, ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਡੀਆਂ ਸਮੱਸਿਆਵਾਂ ਆਉਂਦੀਆਂ ਹਨ। ਸਵਾਰੀਆਂ ਦੇ ਬੈਠਣ ਲਈ ਬੈਂਚ, ਪੀਣ ਲਈ ਪਾਣੀ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ। ਬੱਸਾਂ ਦਾ ਰੂਟ ਵਧਾਉਣ ਦੀ ਲੋੜ ਕਿਸੇ ਸਮੇਂ ਇੱਥੇ ਸਰਕਾਰੀ ਬੱਸਾਂ ਦੀ ਅਜਾਰੇਦਾਰੀ ਕਾਇਮ ਸੀ। ਪੀ.ਆਰ.ਟੀ.ਸੀ. ਬੁਢਲਾਡਾ ਡੀਪੂ ਦੇ ਟਾਈਮ ਦੂਰ ਦੁਰਾਡੇ ਸ਼ਹਿਰਾਂ ਤੇ ਪਿੰਡਾਂ ’ਚ ਚੱਲਦੇ ਸਨ। ਬੋਹਾ ਤੋਂ ਝੁਨੀਰ ਅਤੇ ਬਰੇਟਾ ਦੋਵੇਂ ਸੰਪਰਕ ਸੜਕਾਂ ’ਤੇ 3-4 ਬੱਸਾਂ ਚੱਲਦੀਆਂ ਸਨ। ਰਿਉਂਦ ਕਲਾਂ, ਕੁੱਲਰੀਆਂ, ਬੀਰੇਵਾਲਾ ਡੋਗਰਾ ਆਦਿ ਦੇ ਪਿੰਡਾਂ ’ਚੋਂ ਬੱਸਾਂ ਬਰੇਟਾ ਜਾਂਦੀਆਂ ਸਨ। ਇਸੇ ਤਰ੍ਹਾਂ ਬੋਹਾ ਤੋਂ ਮਲਕੋਂ, ਨੰਦਗੜ੍ਹ ਵੱਲ ਹੋ ਕੇ ਝੁਨੀਰ ਵਾਲੀਆਂ 3-4 ਬੱਸਾਂ ਨਾਲ ਲੋਕ ਝੁਨੀਰ, ਸਿਰਸਾ, ਸਰਦੂਲਗੜ੍ਹ ਆਦਿ ਸ਼ਹਿਰਾਂ ਵੱਲ ਆਉਣ-ਜਾਣ ਕਰਦੇ ਸਨ। ਹੁਣ ਇਹ ਟਾਈਮ ਬੰਦ ਪਏ ਹਨ। ਲੋਕ ਆਪਣੇ ਨਿੱਜੀ ਵਾਹਨਾਂ ’ਤੇ ਰਤੀਆ, ਮਾਨਸਾ ਅਤੇ ਬੁਢਲਾਡਾ ਵੱਲ ਚਲੇ ਜਾਂਦੇ ਹਨ। ਬੱਸਾਂ ਪੂਰੀਆਂ ਨਹੀਂ ਕੀਤੀਆਂ 1984 ਦੌਰਾਨ ਰਾਜ ’ਚ ਚੱਲੇ ਖਾੜਕੂ ਦੌਰ ਦੌਰਾਨ ਬੁਢਲਾਡਾ ਡੀਪੂ ਦੀਆਂ 60 ਬੱਸਾਂ ਸਾੜ ਦਿੱਤੀਆਂ ਗਈਆਂ ਸਨ। ਬਾਅਦ ’ਚ ਇਨ੍ਹਾਂ ਬੱਸਾਂ ਦੀ ਥਾਂ ਨਵੀਆਂ ਬੱਸਾਂ ਨਹੀਂ ਭੇਜੀਆਂ ਗਈਆਂ। ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਕਦੇ ਕੋਈ ਮੰਤਰੀ ਨਾ ਚੁਣੇ ਜਾਣ ਕਰ ਕੇ ਬੱਸਾਂ ਅਤੇ ਬੱਸ ਅੱਡੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਖ਼ਾਸ ਕਰ ਕੇ ਪੀ.ਆਰ.ਟੀ.ਸੀ. ਦੇ ਉੱਚ ਅਫ਼ਸਰ ਇੱਥੇ ਡੀਪੂ ਅਤੇ ਬੱਸ ਅੱਡਾ ਬਣਨ ’ਚ ਕੋਈ ਦਿਲਚਸਪੀ ਨਹੀਂ ਰੱਖਦੇ, ਜਿਸ ਕਾਰਨ ਬੱਸਾਂ ਘਟਦੀਆਂ ਗਈਆਂ ਅਤੇ ਬੱਸ ਅੱਡਾ ਨਹੀਂ ਬਣ ਸਕਿਆ। ਬੋਹਾ ਅਤੇ ਇਸ ਨਾਲ ਸਬੰਧਿਤ 50 ਪਿੰਡਾਂ ਦੇ ਲੋਕਾਂ ਦੀ ਮੁੱਖ ਮੰਗ ਬੱਸ ਅੱਡਾ ਹੈ। ਇਸ ਅੱਡੇ ਲਈ ਇੱਥੋਂ ਸੜਕ ਦੇ ਨਾਲ ਬਣੇ ਛੱਪੜ ’ਚ ਥਾਂ ਦਿੱਤੀ ਗਈ ਸੀ ਪਰ ਇੱਥੇ ਵੀ ਅੱਡਾ ਨਹੀਂ ਬਣਿਆ। ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਨੇ 2015-16 ’ਚ ਇੱਥੋਂ ਦੇ ਸਕੂਲ ਵਾਲੇ ਛੱਪੜ ਨੂੰ ਪੂਰ ਕੇ ਅਤੇ ਇਸ ਦੀ ਵੰਡ ਕਰ ਕੇ ਇੱਥੇ ਕੰਨਿਆ ਸਕੂਲ ਤੇ ਅੱਡਾ ਬਣਾਉਣ ਦਾ ਯਤਨ ਕੀਤਾ ਸੀ ਪਰ ਜਦੋਂ ਤੱਕ ਛੱਪੜ ਪੂਰਿਆ ਗਿਆ ਉਦੋਂ ਤੱਕ ਕਾਂਗਰਸ ਦੀ ਨਵੀਂ ਸਰਕਾਰ ਆ ਗਈ। ਆਮ ਲੋਕਾਂ ਦਾ ਕਹਿਣਾ ਹੈ ਕਿ ਬੱਸ ਆਵਾਜਾਈ ਅਤੇ ਅੱਡਾ ਨਾ ਹੋਣ ਕਾਰਨ ਉਨ੍ਹਾਂ ਦੇ ਰਿਸ਼ਤੇ ਵੀ ਸਿਰੇ ਨਹੀਂ ਚੜ੍ਹ ਰਹੇ। ਲੋਕਾਂ ਦੀ ਧਾਰਨਾ ਹੈ ਕਿ ਆਵਾਜਾਈ ਤੋਂ ਬਗੈਰ ਇੱਥੋਂ ਦਾ ਵਿਕਾਸ ਨਹੀਂ ਰਿਹਾ। ਲੋਕਾਂ ਦੀ ਮੰਗ ਹੈ ਕਿ ਬੋਹਾ ’ਚ ਸ਼ਾਨਦਾਰ ਬੱਸ ਅੱਡਾ ਬਣਾਇਆ ਜਾਵੇ ਅਤੇ ਪਿੰਡਾਂ ’ਚ ਸੰਪਰਕ ਸੜਕਾਂ ’ਤੇ ਬੱਸਾਂ ਚਲਾਈਆਂ ਜਾਣ।