ਹਰਮਨਪ੍ਰੀਤ ਕੌਰ ਨੇ ਯੂ. ਪੀ. ਐਸ. ਸੀ. ਸੀ. ਏ. ਪੀ. ਐਫ. ਦੀ ਪ੍ਰੀਖਿਆ ’ਚੋਂ ਮਾਅਰਕਾ ਮਾਰਿਆ
ਮਾਨਸਾ/ਸਰਦੂਲਗੜ੍ਹ, 6 ਅਕਤੂਬਰ (ਰਾਵਿੰਦਰ ਸਿੰਘ ਰਵੀ/ਜੀ. ਐਮ.
ਮਾਨਸਾ/ਸਰਦੂਲਗੜ੍ਹ, 6 ਅਕਤੂਬਰ (ਰਾਵਿੰਦਰ ਸਿੰਘ ਰਵੀ/ਜੀ.ਐਮ.ਅਰੋੜਾ)- ਜ਼ਿਲੇ੍ਹ ਦੇ ਪਿੰਡ ਸਾਧੂਵਾਲਾ ਦੀ ਜੰਮਪਲ ਹਰਮਨਪ੍ਰੀਤ ਕੌਰ ਨੇ ਯੂ. ਪੀ. ਐਸ. ਸੀ. ਸੀ. ਏ. ਪੀ. ਐਫ. (ਕੇਂਦਰੀ ਹਥਿਆਰਬੰਦ ਪੁਲਿਸ ਬਲ) ਦੀ ਵਕਾਰੀ ਪ੍ਰੀਖਿਆ ’ਚੋਂ ਮਾਅਰਕਾ ਮਾਰਿਆ ਹੈ। ਉਸ ਨੇ ਦੇਸ਼ ਭਰ ’ਚੋਂ 78ਵਾਂ ਰੈਂਕ ਹਾਸਲ ਕਰ ਕੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸ ਦੇਈਏ ਹਰਮਨਪ੍ਰੀਤ ਕੌਰ ਨੇ ਗਰੈਜੂਏਸ਼ਨ ਦੀ ਡਿਗਰੀ ਸਰਕਾਰੀ ਕਾਲਜ (ਲੜਕੀਆਂ) ਚੰਡੀਗੜ੍ਹ ਤੋਂ ਹਾਸਲ ਕਰਨ ਉਪਰੰਤ ਐਮ.ਏ. ਰਾਜਨੀਤੀ ਸ਼ਾਸਤਰ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ। ਉਸ ਨੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਲਈ ਜਾਂਦੀ ਰਾਸ਼ਟਰੀ ਯੋਗਤਾ ਪ੍ਰੀਖਿਆ ’ਚ ਵੀ ਸਫਲਤਾ ਹਾਸਲ ਕੀਤੀ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਨੇ ਦੱਸਿਆ ਕਿ ਉਸ ਨੇ ਪ੍ਰੀਖਿਆ ਦੀ ਤਿਆਰੀ ਖ਼ੁਦ ਹਰ ਰੋਜ਼ 15 ਘੰਟੇ ਲਗਾਤਾਰ ਪੜ੍ਹ ਕੇ ਕਰੀ ਹੈ। ਉਸ ਦੇ ਪਿਤਾ ਡਾ. ਬਿਕਰਜੀਤ ਸਿੰਘ ਸਾਧੂਵਾਲਾ ਅਤੇ ਮਾਤਾ ਡਾ. ਵੀਰਪਾਲ ਕੌਰ ਸਾਧੂਵਾਲਾ ਅਧਿਆਪਕ ਹਨ। ਉਨ੍ਹਾਂ ਆਪਣੀ ਧੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੜ੍ਹਨ ਦੀ ਲਗਨ ਅਤੇ ਜ਼ਿੰਦਗੀ ’ਚ ਕੁਝ ਕਰ ਗੁਜ਼ਰਨ ਦੇ ਜਨੂਨ ਨੇ ਉਸ ਨੂੰ ਇਹ ਮੁਕਾਮ ਹਾਸਲ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਨੇ ਪੀ.ਸੀ.ਐਸ. ਦੀ ਪ੍ਰੀਖਿਆ ਵੀ ਦਿੱਤੀ ਹੋਈ ਹੈ, ਦਾ ਨਤੀਜਾ ਅਗਲੇ ਮਹੀਨੇ ਆਵੇਗਾ।