ਅਧਿਆਪਕਾਂ ਵਲੋਂ ਮੰਗਾਂ ਨਾ ਮੰਨਣ ਦੇ ਰੋਸ ’ਚ 21 ਤੇ 22 ਨੂੰ ਸਮੂਹਿਕ ਛੁੱਟੀ
ਮਾਨਸਾ, 12 ਅਕਤੂਬਰ (ਸ. ਰਿ.)
ਮਾਨਸਾ, 12 ਅਕਤੂਬਰ (ਸ.ਰਿ.)- ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ 21 ਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਰਹਿ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ 18 ਸਤੰਬਰ ਦੀ ਮੀਟਿੰਗ ’ਚ ਅਧਿਆਪਕਾਂ ਨਾਲ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਮੀਟਿੰਗ ਕਰ ਕੇ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਕਿਸੇ ਮੀਟਿੰਗ ਦਾ ਸੱਦਾ ਨਹੀਂ ਆਇਆ, ਜਿਸ ਕਾਰਨ ਸਮੂਹ ਮੁਲਾਜ਼ਮਾਂ ’ਚ ਰੋਸ ਫੈਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਕਈ ਮੰਗਾਂ ਬਕਾਇਆ ਪਈਆਂ ਹਨ, ਜਿਸ ਕਾਰਨ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਮੀਟਿੰਗ ਬੁਲਾ ਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।