ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣ ਰਹੀ ਸੜਕ ਦਾ ਕੰਮ ਅੱਧ ਵਿਚਕਾਰ ਲਟਕਿਆ
ਬਰੇਟਾ, 17 ਨਵੰਬਰ (ਪਾਲ ਸਿੰਘ ਮੰਡੇਰ)- ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਰੇਟਾ ਤੋਂ ਲਹਿਰਾਗਾਗਾ ਨੂੰ ਜਾਣ ਵਾਲੀ ਸੜਕ ਦਾ ਕੰਮ ਅੱਧ ਵਿਚਕਾਰ ਲਟਕ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਕਾਰਜ ਅੱਧ ਵਿਚਕਾਰ ਛੱਡ ਦੇਣ ਕਾਰਨ ਰਾਹਗੀਰਾਂ ਨੂੰ ਹਰ ਰੋਜ਼ ਠੇਡੇ ਖਾਣੇ ਪੈ ਰਹੇ ਹਨ।
ਬਰੇਟਾ, 17 ਨਵੰਬਰ (ਪਾਲ ਸਿੰਘ ਮੰਡੇਰ)- ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਰੇਟਾ ਤੋਂ ਲਹਿਰਾਗਾਗਾ ਨੂੰ ਜਾਣ ਵਾਲੀ ਸੜਕ ਦਾ ਕੰਮ ਅੱਧ ਵਿਚਕਾਰ ਲਟਕ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਕਾਰਜ ਅੱਧ ਵਿਚਕਾਰ ਛੱਡ ਦੇਣ ਕਾਰਨ ਰਾਹਗੀਰਾਂ ਨੂੰ ਹਰ ਰੋਜ਼ ਠੇਡੇ ਖਾਣੇ ਪੈ ਰਹੇ ਹਨ। ਸਥਾਨਕ ਵਾਸੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਕੰਮ ਬੰਦ ਕਰ ਦਿੱਤਾ ਗਿਆ। ਸੜਕ ’ਤੇ ਪਈ ਬਜਰੀ, ਮਿੱਟੀ ਅਤੇ ਟੋਇਆਂ ਕਾਰਨ ਦੋਪਹੀਆ ਵਾਹਨ ਚਾਲਕਾਂ, ਬਜ਼ੁਰਗਾਂ ਅਤੇ ਸਕੂਲੀ ਬੱਚਿਆਂ ਨੂੰ ਲੰਘਣਾ ਮੁਸ਼ਕਿਲ ਹੋ ਗਿਆ ਹੈ। ਬਰਸਾਤ ਦੇ ਦਿਨਾਂ ਵਿਚ ਇਹ ਸੜਕ ਚਿੱਕੜ ਦਾ ਤਲਾਅ ਬਣ ਜਾਂਦੀ ਹੈ ਜਦਕਿ ਸੁੱਕੇ ਮੌਸਮ ਵਿਚ ਉੱਡਦੀ ਧੂੜ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਪਿੰਡ ਬਹਾਦਰਪੁਰ ਦੇ ਵਾਸੀ ਰਾਮਲਾਜ ਸਿੰਘ ਅਤੇ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਲਿਖਤੀ ਤੇ ਜ਼ੁਬਾਨੀ ਤੌਰ ’ਤੇ ਜਾਣੂ ਕਰਵਾਇਆ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਹਰ ਵਾਰ ਸਿਰਫ਼ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ ਜਦਕਿ ਕੰਮ ਦੁਬਾਰਾ ਸ਼ੁਰੂ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਲਾਕਾ ਨਿਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਹਾਲਾਤ ਇਸ ਤੋਂ ਉਲਟ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਕੰਮ ਤੁਰੰਤ ਮੁਕੰਮਲ ਕਰਵਾਇਆ ਜਾਵੇ।