ਰਾਸ਼ਟਰ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਨਾ ਜ਼ਰੂਰੀ-ਡਾ. ਰਾਵਿੰਦਰ ਸਿੰਘ ਨਹਿਰੂ ਕਾਲਜ ’ਚ ਸੈਮੀਨਾਰ ਕਰਵਾਇਆ
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਐਨ. ਐਸ.
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਐਨ.ਐਸ.ਐਸ. ਵਿਭਾਗ, ਸੰਗਤ ਕਲੱਬ ਅਤੇ ਰੈੱਡ ਰੀਬਨ ਕਲੱਬ ਵਲੋਂ ਰਾਸ਼ਟਰ ਨਿਰਮਾਣ ’ਚ ਯੁਵਕਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਮੁੱਖ ਵਕਤਾ ਰਾਜਨੀਤੀ ਸ਼ਾਸਤਰ ਦੇ ਵਿਭਾਗ ਦੇ ਮੁਖੀ ਡਾ. ਰਾਵਿੰਦਰ ਸਿੰਘ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਸਲ ਧੰਨ-ਦੌਲਤ ਇਮਾਰਤਾਂ ਜਾਂ ਖ਼ਜ਼ਾਨਾ ਨਹੀਂ ਸਗੋਂ ਨੌਜਵਾਨ ਹਨ, ਜਿਨ੍ਹਾਂ ਦੀ ਰਾਸ਼ਟਰ ਦੇ ਵਿਕਾਸ ’ਚ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਤੇਜ਼ ਤਰਾਰ ਜ਼ਮਾਨੇ ’ਚ ਸਫਲਤਾ ਦੀਆਂ ਪੌੜੀਆਂ ਚੜ੍ਹਨ ਲਈ ਸਮੇਂ ਦਾ ਹਾਣੀ ਬਣਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਲਾਮਤਾਂ ਤੋਂ ਦੂਰ ਰਹਿ ਕੇ ਹੁਨਰ ਸਿੱਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਕਾਬਲ ਬਣ ਕੇ ਦੂਜਿਆਂ ਨੂੰ ਰੁਜ਼ਗਾਰ ਦੇ ਸਕਣ। ਡਾ. ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਜਾਤ-ਪਾਤ ਵਰਗੀਆਂ ਬੁਰਾਈਆਂ ਖ਼ਿਲਾਫ਼ ਡਟ ਕੇ ਖੜ੍ਹਨਾ ਪਵੇਗਾ ਤਾਂ ਹੀ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਹੋ ਸਕੇਗਾ। ਉਨ੍ਹਾਂ ਵਾਤਾਵਰਣ ਤੇ ਸੱਭਿਆਚਾਰ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਆਪਣੀ ਮਾਂ ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਸੀਮਾ ਜਿੰਦਲ, ਪ੍ਰੋਗਰਾਮ ਅਫ਼ਸਰ ਡਾ. ਆਸ਼ੂ ਗਰਗ ਅਤੇ ਡਾ. ਅਮਨਦੀਪ ਸਿੰਘ, ਡਾ. ਸਿੰਪਲ ਬਾਂਸਲ, ਡਾ. ਪ੍ਰਤਿਭਾ ਜਿੰਦਲ ਆਦਿ ਹਾਜ਼ਰ ਸਨ।