ਚੰਡੀਗੜ੍ਹ, 31 ਦਸੰਬਰ (ਸੰਦੀਪ ਕੁਮਾਰ ਮਾਹਨਾ) ਮਨਰੇਗਾ ਤਹਿਤ ਹਰ ਮਜ਼ਦੂਰ ਨੂੰ 100 ਦਿਨਾਂ ਦਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ 'ਚ ਲੱਖਾਂ ਗ਼ਰੀਬ, ਦਲਿਤ ਅਤੇ ਮਜ਼ਦੂਰ ਪਰਿਵਾਰਾਂ ਨੂੰ ਪੂਰਾ ਕੰਮ ਨਹੀਂ ਮਿਲਿਆ | ਹਜ਼ਾਰਾਂ ਗ੍ਰਾਮ ਪੰਚਾਇਤਾਂ 'ਚ ਲਾਜ਼ਮੀ ਸਮਾਜਿਕ ਆਡਿਟ ਨਾ ਹੋਣਾ ਅਤੇ ਭਿ੍ਸ਼ਟਾਚਾਰ ਦੇ ਮਾਮਲਿਆਂ 'ਤੇ ਕਾਰਵਾਈ ਨਾ ਕਰਨਾ ਮਾਨ ਸਰਕਾਰ ਦੀ ਨਾਕਾਮੀ ਨੂੰ ਬੇਨਕਾਬ ਕਰਦਾ ਹੈ | ਇਹ ਦੋਸ਼ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਗਾਏ | ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਹਾਜ਼ਰ ਸਨ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਲਗਭਗ ਚਾਰ ਸਾਲਾਂ ਦੌਰਾਨ ਮਨਰੇਗਾ ਕਾਨੂੰਨ ਅਧੀਨ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੇ 100 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹਨ | ਇਸ ਨਾਲ ਸਿਰਫ਼ ਰੁਜ਼ਗਾਰ ਹੀ ਨਹੀਂ, ਸਗੋਂ ਗ਼ਰੀਬਾਂ ਦੀ ਇੱਜ਼ਤ ਅਤੇ ਆਤਮ-ਸਨਮਾਨ ਨੂੰ ਵੀ ਭਾਰੀ ਠੇਸ ਪਹੁੰਚੀ ਹੈ | ਸ਼ਰਮਾ ਨੇ ਦੋਸ਼ ਲਗਾਇਆ ਕਿ ਵਿਧਾਨ ਸਭਾ ਇਜਲਾਸ ਦੌਰਾਨ ਵਿਰੋਧੀ ਧਿਰ ਨੂੰ ਸੀਮਤ ਸਮਾਂ ਦਿੱਤਾ ਜਾਂਦਾ ਹੈ ਅਤੇ ਉਹ ਵੀ ਸੱਤਾ ਧਿਰ ਦੇ ਮੈਂਬਰਾਂ ਵਲੋਂ ਵਾਰ-ਵਾਰ ਵਿਘਨ ਪਾ ਕੇ ਬਰਬਾਦ ਕਰ ਦਿੱਤਾ ਜਾਂਦਾ ਹੈ | ਇਸ ਕਾਰਨ ਦੋ ਦਿਨ ਪਹਿਲਾ ਹੀ ਮਨਰੇਗਾ ਨਾਲ ਸਬੰਧਿਤ ਗੰਭੀਰ ਤੱਥ ਲੋਕਾਂ ਸਾਹਮਣੇ ਰੱਖੇ, ਪਰ ਮੁੱਖ ਮੰਤਰੀ ਵਲੋਂ ਉਨ੍ਹਾਂ ਸਵਾਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜੇ ਸਰਕਾਰ ਕੋਲ ਜਵਾਬ ਹੁੰਦੇ ਤਾਂ ਉਹ ਜ਼ਰੂਰ ਆਉਂਦੇ | ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਹਰ ਮਨਰੇਗਾ ਮਜ਼ਦੂਰ ਲਈ 100 ਦਿਨਾਂ ਦੇ ਰੁਜ਼ਗਾਰ ਵਾਸਤੇ ਪੂਰਾ ਫ਼ੰਡ ਭੇਜ ਰਹੀ ਹੈ ਤਾਂ ਫਿਰ ਸੂਬਾ ਸਰਕਾਰ ਵਲੋਂ ਮਜ਼ਦੂਰਾਂ ਨੂੰ ਪੂਰੇ 100 ਦਿਨਾਂ ਦਾ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਇਲਜ਼ਾਮ ਲਗਾਇਆ ਕਿ ਸਾਲ 2024-25 ਦੌਰਾਨ 6,095 ਅਤੇ 2025-26 'ਚ 7,389 ਗ੍ਰਾਮ ਪੰਚਾਇਤਾਂ ਵਿਚ ਮਨਰੇਗਾ ਤਹਿਤ ਲਾਜ਼ਮੀ ਸਮਾਜਿਕ ਆਡਿਟ ਨਹੀਂ ਕਰਵਾਏ ਗਏ, ਜਿਸ ਨਾਲ ਵੱਡੇ ਪੱਧਰ 'ਤੇ ਹੋ ਰਹੇ ਭਿ੍ਸ਼ਟਾਚਾਰ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਤੋਂ ਇਲਾਵਾ, ਵਿਸ਼ੇਸ਼ ਆਡਿਟ ਯੂਨਿਟ ਵਲੋਂ ਸਾਹਮਣੇ ਲਿਆਂਦੇ ਗਏ 10,653 ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਅਜੇ ਤੱਕ ਕੋਈ ਠੋਸ ਕਾਰਵਾਈ ਨਾ ਹੋਣਾ ਵੀ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਦਾ ਹੈ | ਮਨਰੇਗਾ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਵਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸਥਾਨਕ ਆਗੂਆਂ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਮੁੱਖ ਮੰਤਰੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦਾਅਵਾ ਕੀਤਾ ਕਿ ਮਨਰੇਗਾ ਵਿਚ ਹੋ ਰਹੇ ਭਿ੍ਸ਼ਟਾਚਾਰ ਰਾਹੀਂ 'ਆਪ' ਆਗੂਆਂ ਨੇ ਗ਼ਰੀਬਾਂ ਦੇ ਮੂੰਹੋਂ ਰੋਜ਼ੀ-ਰੋਟੀ ਖੋਹ ਲਈ ਹੈ |