ਨੂਰਪੁਰ ਬੇਦੀ, 6 ਜਨਵਰੀ (ਵਿੰਦਰਪਾਲ ਝਾਂਡੀਆਂ)-ਖੱਬੇ ਪੱਖੀ ਧਿਰ ਸੀ. ਪੀ .ਆਈ.ਐੱਮ ਅਤੇ ਸੈਂਟਰ ਆਫ਼ ਇੰਡੀਆ ਟਰੇਡ ਯੂਨੀਅਨ( ਸੀਟੂ) ਵਲੋ ਅਮਰੀਕੀ ਸਾਮਰਾਜ ਵਲੋਂ ਵੇਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨਾਂ ਦੀ ਪਤਨੀ ਨੂੰ ਉਨਾਂ ਦੇ ਦੇਸ਼ ਵਿਚਲੀ ਰਿਹਾਇਸ਼ ਚੋਂ ਅਗਵਾ ਕਰਕੇ ਲੈ ਆਉਣ ਦੇ ਵਿਰੋਧ 'ਚ ਅੱਜ ਨੂਰਪੁਰ ਬੇਦੀ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੀ. ਪੀ.ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਜਿੰਦਰ ਸਿੰਘ ਪੰਡਿਤ ਨੇ ਸੰਬੋਧਨ ਕਰਦਿਆਂ ਕਿਹਾ ਵੈਨਜੁਏਲਾ ਤੇ ਅਮਰੀਕੀ ਸਾਮਰਾਜ ਦਾ ਹਮਲਾ ਸਿੱਧਾ ਦੂਸਰੇ ਦੇਸ਼ਾਂ ਦੀ ਆਜ਼ਾਦੀ ਦੀ ਹੋਂਦ ਤੇ ਹਮਲਾ ਹੈ, ਅਮਰੀਕਾ ਬੀਤੇ ਸਾਲਾਂ ਤੋਂ ਵੈਨਜੁਏਲਾ ਦੇ ਰਾਸ਼ਟਰਪਤੀ ਨੂੰ ਅਮਰੀਕਾ ਅੱਗੇ ਗੋਡੇ ਟੇਕਣ ਲਈ ਮਜਬੂਰ ਕਰ ਰਿਹਾ ਸੀ, ਜੋ ਵੈਨਜੁਏਲਾ ਦੇ ਰਾਸ਼ਟਰਪਤੀ ਅਤੇ ਉੱਥੇ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਸੀ | ਅਸਲ ਵਿਚ ਅਮਰੀਕਾ ਦੀ ਅੱਖ ਵੈਨਜੁਏਲਾ ਵਿਚਾਲੇ ਕੱਚੇ ਤੇਲ ਦੇ ਭੰਡਾਰ ਉੱਪਰ ਹੈ, ਜੋ ਕਿ ਕੱਚਾ ਤੇਲ ਦੁਨੀਆ ਭਰ ਦੇ ਤੇਲ ਉਤਪਾਦਕ ਦੇਸ਼ਾਂ ਤੋਂ ਸਭ ਤੋਂ ਜ਼ਿਆਦਾ ਭੰਡਾਰ ਹਨ, ਜਿਸ 'ਤੇ ਅਮਰੀਕਾ ਕਬਜ਼ਾ ਕਰਨਾ ਚਾਹੁੰਦਾ ਹੈ | ਆਗੂਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਲਗਾਤਾਰ ਸ਼ਰੇਆਮ ਧੱਕਾ ਕਰ ਰਿਹਾ ਹੈ | ਉਨਾਂ ਨੇ ਮੰਗ ਕੀਤੀ ਕਿ ਵੈਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਅਮਰੀਕਾ ਵੈਨਜੁਏਲਾ 'ਚ , ਦਖ਼ਲ ਦੇਣਾ ਬੰਦ ਕਰੇ | ਇਸ ਮੌਕੇ ਜਗੀਰ ਸਿੰਘ ਰੌਲੀ, ਸੋਮ ਸਿੰਘ ਕਰਤਾਰਪੁਰ, ਸੀਟੂ ਦੇ ਆਗੂ ਦੀਪ ਸਿੰਘ ਸਮੀਰੋਵਾਲ, ਵਿਕਰਮ ਸਿੰਘ, ਰਾਜ ਕੁਮਾਰ, ਚੰਨਣ ਸਿੰਘ ਸੈਣੀਮਾਜਰਾ, ਇਸਤਰੀ ਸਭਾ ਦੀ ਆਗੂ ਪ੍ਰਮਿਲਾਂ ਦੇਵੀ, ਕਰਮ ਚੰਦ ਤੇ ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ |