ਨੂਰਪੁਰ ਬੇਦੀ, 31 ਜਨਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਰੀਬ ਇੱਕ ਮਹੀਨੇ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਸੁਚਾਰੂ ਸਪਲਾਈ ਨਾ ਮਿਲਣ ਕਾਰਨ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪਿੰਡਾਂ ਵਿਚ ਲੋਕ ਇੱਕ ਦੂਜੇ ਤੋਂ ਸਿਲੰਡਰ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ | ਨਿਰੰਤਰ ਟੁੱਟ ਰਹੀ ਸਪਲਾਈ ਕਾਰਨ ਸਮੱਸਿਆ ਹੁਣ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ | ਇਸ ਗੰਭੀਰ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਜਾਗਣ ਅਤੇ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਸੁਚਾਰੂ ਕਰਵਾਉਣ ਦੀ ਮੰਗ ਕੀਤੀ | ਗੱਲਬਾਤ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਕਰੀਬ ਇੱਕ ਦਹਾਕੇ ਬਾਅਦ ਮੁੜ ਇਲਾਕੇ ਵਿਚ ਗੈਸ ਸਪਲਾਈ ਦੀ ਭਾਰੀ ਕਿੱਲਤ ਸਾਹਮਣੇ ਆਈ ਹੈ | ਉਨ੍ਹਾਂ ਦੱਸਿਆ ਕਿ ਨੂਰਪੁਰ ਬੇਦੀ ਖੇਤਰ ਵਿਚ ਕੰਮ ਕਰ ਰਹੀਆਂ ਦੋ ਗੈਸ ਏਜੰਸੀਆਂ ਨਾਲ ਕਰੀਬ 25 ਹਜ਼ਾਰ ਉਪਭੋਗਤਾ ਜੁੜੇ ਹੋਏ ਹਨ | ਜਨਵਰੀ ਅਤੇ ਫਰਵਰੀ ਮਹੀਨਿਆਂ ਵਿਚ ਵਿਆਹਾਂ ਅਤੇ ਧਾਰਮਿਕ ਸਮਾਗਮਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਗੈਸ ਦੀ ਕਮੀ ਆਮ ਵਰਗ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ | ਰਾਣਾ ਨੇ ਦੋਸ਼ ਲਗਾਇਆ ਕਿ ਗੈਸ ਦੀ ਕਮੀ ਦਾ ਫ਼ਾਇਦਾ ਚੁੱਕ ਕੇ ਕਾਲਾਬਾਜ਼ਾਰੀ ਮੁੜ ਸਰਗਰਮ ਹੋ ਚੁੱਕੀ ਹੈ, ਜਿਸ ਨਾਲ ਲੋਕਾਂ ਦੀ ਲੁੱਟ ਹੋ ਰਹੀ ਹੈ | ਇਸ ਸਬੰਧ ਵਿਚ ਗੈਸ ਏਜੰਸੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਹਰ ਰੋਜ਼ 500 ਤੋਂ 600 ਸਿਲੰਡਰ ਦੀ ਪਿੱਛੋਂ ਸਪਲਾਈ ਮਿਲਦੇ ਸੀ, ਪਰ ਪਿਛਲੇ ਕਰੀਬ ਇੱਕ ਮਹੀਨੇ ਤੋਂ ਇਹ ਗਿਣਤੀ ਘੱਟ ਕੇ 300 ਸਿਲੰਡਰ ਪ੍ਰਤੀ ਦਿਨ ਰਹਿ ਗਈ ਹੈ ਅਤੇ ਕਈ ਵਾਰ ਤਾਂ ਸਪਲਾਈ ਪੂਰੀ ਤਰ੍ਹਾਂ ਬੰਦ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਪੀਪੀ ਜਦੋਂ ਗੈਸ ਪਲਾਂਟਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉੱਥੋਂ ਵੀ ਪਿੱਛੋਂ ਹੀ ਸਪਲਾਈ ਦੀ ਘਾਟ ਹੋਣ ਦੀ ਗੱਲ ਕਹੀ ਜਾਂਦੀ ਹੈ | ਏਜੰਸੀ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਮਰਸ਼ੀਅਲ ਕੰਮਾਂ ਲਈ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਨਾ ਕਰਨ | ਉਨ੍ਹਾਂ ਕਿਹਾ ਕਿ ਕਮਰਸ਼ੀਅਲ ਸਿਲੰਡਰ ਵਪਾਰਕ ਉਦੇਸ਼ਾਂ ਲਈ ਹੁੰਦੇ ਹਨ, ਪਰ ਘਰੇਲੂ ਅਤੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਵਿਚ ਵੱਡੇ ਫ਼ਰਕ ਕਾਰਨ ਜ਼ਿਆਦਾਤਰ ਵਪਾਰੀ ਘਰੇਲੂ ਸਿਲੰਡਰਾਂ ਨੂੰ ਹੀ ਵਰਤ ਰਹੇ ਹਨ | ਰਾਣਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਮਰਸ਼ੀਅਲ ਸਿਲੰਡਰਾਂ ਦੀ ਉਪਲਬਧਤਾ ਵਧਾ ਕੇ ਦੋਵਾਂ ਵਿਚਕਾਰ ਸੰਤੁਲਨ ਬਣਾਉਣਾ ਚਾਹੀਦਾ ਹੈ | ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਅਗਲੇ ਪੜਾਅ ਦਾ ਸੰਘਰਸ਼ ਛੇੜਿਆ ਜਾਵੇਗਾ | ਇਸ ਮੌਕੇ ਸ਼ਿਵ ਕੁਮਾਰ ਕਾਲਾ, ਬਲਜੀਤ ਧੀਮਾਨ, ਨਰੇਸ਼ ਕੁਮਾਰ, ਗਗਨ ਬੋਹਰਾ, ਸ਼ਾਮ ਲਾਲ, ਸੂਰਜ ਸ਼ਰਮਾ, ਜੀਵਨ ਕੁਮਾਰ, ਰਾਮ ਚੰਦ, ਭੁਪਿੰਦਰ ਸਿੰਘ ਕਾਲੂ, ਵਿਸੂ ਕੁਮਾਰ, ਕਮਲਜੀਤ ਸਿੰਘ, ਰਵਿੰਦਰ ਕੁਮਾਰ, ਅਸ਼ਵਨੀ ਸ਼ਰਮਾ ਸਮੇਤ ਵੱਖ-ਵੱਖ ਨੌਜਵਾਨ ਹਾਜ਼ਰ ਸਨ |