ਨੂਰਪੁਰ ਬੇਦੀ, 31 ਜਨਵਰੀ (ਵਿੰਦਰਪਾਲ ਝਾਂਡੀਆਂ)-ਇਨਸਾਨ ਦੀ ਸਮਰਪਿਤ ਭਾਵਨਾ, ਜਜ਼ਬਾ ਤੇ ਬਹਾਦਰੀ ਹਮੇਸ਼ਾ ਹੀ ਇਨਸਾਨ ਨੂੰ ਵਧੀਆ ਮੁਕਾਮ ਤੇ ਬੁਲੰਦੀਆਂ ਤੇ ਲੈ ਕੇ ਜਾਂਦੀ ਹੈ | ਅਜਿਹਾ ਮੁਕਾਮ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਦੇ ਜੰਮਪਲ ਬਹਾਦਰ ਸੀਨੀਅਰ ਅਧਿਕਾਰੀ ਬਿਗ੍ਰੇਡੀਅਰ ਅਸ਼ੋਕ ਰਾਣਾ ਸਪੁੱਤਰ ਸਵਰਗੀ ਪ੍ਰੀਤਮ ਸਿੰਘ ਰਾਣਾ ਦੇ ਇਸ ਹੋਣਹਾਰ ਸਪੁੱਤਰ ਨੇ ਭਾਰਤੀ ਫ਼ੌਜ ਵਿਚ ਬਹਾਦਰੀ ਅਤੇ ਸਖ਼ਤ ਮਿਹਨਤ ਲਗਨ ਨਾਲ ਦੇਸ਼ ਦੀ ਸੇਵਾ ਲਈ ਸ਼ਾਨਦਾਰ ਸੇਵਾਵਾਂ ਨਿਭਾ ਕੇ ਫ਼ੌਜ ਦੇ ਆਪ੍ਰੇਸ਼ਨ ਸੰਧੂਰ 'ਚ ਵਡਮੁੱਲਾ ਯੋਗਦਾਨ ਪਾਇਆ ਹੈ, ਤੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਭਾਰਤੀ ਫ਼ੌਜ ਵਿਚ ਸੈਨਾ ਮੈਡਲ ਪ੍ਰਾਪਤ ਕਰਨ ਦਾ ਵੱਡਾ ਮੁਕਾਮ ਮਾਣ ਹਾਸਿਲ ਕੀਤਾ ਹੈ | ਗਣਤੰਤਰ ਦਿਵਸ ਮੌਕੇ 'ਤੇ ਉਨਾਂ ਨੂੰ ਸੈਨਾ ਮੈਡਲ ਦੇ ਕੇ ਨਿਵਾਜਿਆ ਗਿਆ ਹੈ | ਇਸ ਮਾਣਮੱਤੀ ਪ੍ਰਾਪਤੀ ਨਾਲ ਪਿੰਡ, ਇਲਾਕੇ 'ਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਤੇ ਮਾਣ ਵਧਾਇਆ ਹੈ | ਜਿਸ ਨੂੰ ਲੈ ਕੇ ਵੱਡੀ ਖ਼ੁਸ਼ੀ ਦੀ ਲਹਿਰ ਹੈ | ਬਿਗ੍ਰੇਡੀਅਰ ਅਸ਼ੋਕ ਰਾਣਾ ਨੇ ਦੱਸਿਆ ਕਿ ਮੈਟਿ੍ਕ ਤੇ ਬਾਰ੍ਹਵੀਂ ਦੀ ਪੜਾਈ ਸ੍ਰੀ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਬੀ. ਕਾਮ ਸ਼ਿਵਾਲਿਕ ਕਾਲਜ ਨੰਗਲ ਤੋ ਕਰਨ ਉਪਰੰਤ ਸੀ.ਡੀ ਐੱਸ ਦੀ ਪ੍ਰੀਖਿਆ ਪਾਸ ਕਰਕੇ ਭਾਰਤੀ ਫ਼ੌਜ ਦੀ 12 ਡੋਗਰਾ ਰੈਜੀਮੈਂਟ ਵਿਚ ਬਤੌਰ ਸੈਕੰਡ ਲੈਫ਼ਟੀਨੈਂਟ ਵੱਜੋ ਨਿਯੁਕਤ ਹੋਏ | ਉਨਾਂ ਨੇ ਨਾਗਾਲੈਂਡ ਤੋਂ ਸੰਨ 1992 ਤੋ ਸੇਵਾਵਾਂ ਦਾ ਆਗਾਜ਼ ਕੀਤਾ | ਉਨਾਂ ਨੇ ਫ਼ੌਜ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਾਲ ਤਰੱਕੀ ਕਰਦਿਆਂ ਲੈਫ਼ਟੀਨੈਂਟ, ਕੈਪਟਨ, ਮੇਜਰ, ਲੈਫ਼ਟੀਨੈਂਟ ਕਰਨਲ, ਸੀ.ਈ.ਓ ਅਹੁਦਿਆਂ ਤੇ ਰਹਿ ਕੇ ਇੱਕ ਕੁਸ਼ਲ ਸੀਨੀਅਰ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ ਤੇ ਹੁਣ ਬਿਗ੍ਰੇਡੀਅਰ ਵੱਜੋ ਸੇਵਾ ਨਿਭਾਅ ਰਹੇ ਹਨ | ਇੱਥੇ ਦੱਸਦੀਏ ਕਿ ਬਿਗ੍ਰੇਡੀਅਰ ਰਾਣਾ ਨੂੰ ਕਾਰਗਿਲ, ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਥਾਵਾਂ ਤੇ ਸੇਵਾਵਾਂ ਨਿਭਾ ਕੇ ਵਧੀਆ ਕਾਰੁਜਗਾਰੀ ਕਰਕੇ ਪਹਿਲਾ ਵੀ ਅਨੇਕਾਂ ਅਵਾਰਡ ਮਿਲ ਚੁੱਕੇ ਹਨ | ਪਿਤਾ ਫ਼ੌਜ ਵਿਚ ਹੋਣ ਕਰਕੇ ਉਨਾਂ ਨੂੰ ਫ਼ੌਜ ਸੇਵਾਵਾਂ ਨਿਭਾਉਣ ਦੀ ਵਿਰਾਸਤ ਵਿਚੋਂ ਮਿਲੀ ਗੁੜ੍ਹਤੀ ਤੇ ਪ੍ਰੇਰਨਾ ਰੰਗ ਲਿਆਈ ਹੈ | ਬਿਗ੍ਰੇਡੀਅਰ ਰਾਣਾ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਸੀ ਕਿ ਫ਼ੌਜ ਵਿਚ ਅਫ਼ਸਰ ਬਣਨਾ , ਜੋ ਮੇਰਾ ਸੁਪਨਾ ਪੂਰਾ ਹੋਇਆ ਹੈ | ਸੈਨਾ ਮੈਡਲ ਨਾਲ ਸਨਮਾਨਿਤ ਹੋਣ ਤੇ ਪਿੰਡ ਦੇ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ ਸਿੰਘ, ਭਾਜਪਾ ਆਗੂ ਰਾਣਾ ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ ਰਾਣਾ, ਵਰਿੰਦਰ ਰਾਣਾ, ਸੂਬੇਦਾਰ ਬੀਰਬਲ ਸਿੰਘ ਰਾਣਾ, ਜਰਨੈਲ ਸਿੰਘ ਰਾਣਾ, ਰਾਜੇਸ਼ ਰਾਣਾ, ਕੁਸ਼ਲ ਰਾਣਾ, ਨਰੇਸ਼ ਰਾਣਾ, ਪ੍ਰੇਮ ਰਾਣਾ, ਨੰਬਰਦਾਰ ਹਰਮੇਸ਼ ਸਿੰਘ ਰਾਣਾ, ਸੁਰੇਸ਼ ਰਾਣਾ, ਸਰਪੰਚ ਸੰਜੀਵ ਕੁਮਾਰ ਸਮੇਤ ਰਿਸ਼ਤੇਦਾਰਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਅਸ਼ੋਕ ਰਾਣਾ ਨੇ ਵਿਰਾਸਤ ਨੂੰ ਅੱਗੇ ਵਧਾਇਆ ਹੈ, ਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਹਨ |