ਨੂਰਪੁਰ ਬੇਦੀ, 2 ਫਰਵਰੀ (ਵਿੰਦਰਪਾਲ ਝਾਂਡੀਆਂ)-ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਜਸਬੀਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਆਨਲਾਈਨ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆ ਵੀਰ ਸਿੰਘ ਬੜਵਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸੂਬੇ ਦੇ 9 ਮਿਲਕ ਪਲਾਂਟਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਮਿਲਕ ਪਲਾਂਟ ਮੋਹਾਲੀ ਤੋਂ ਵੀਰ ਸਿੰਘ ਬੜਵਾ, ਪਟਿਆਲਾ ਤੋਂ ਇੰਦਰਜੀਤ ਸਿੰਘ, ਬਠਿੰਡਾ ਤੋਂ ਬਿੱਕਰ ਸਿੰਘ, ਲੁਧਿਆਣਾ ਤੋਂ ਬਲਜਿੰਦਰ ਸਿੰਘ, ਅੰਮਿ੍ਤਸਰ ਤੋਂ ਭੁਪਿੰਦਰ ਸਿੰਘ, ਮੋਗਾ ਤੋਂ ਗੁਰਜੰਟ ਸਿੰਘ, ਫਿਰੋਜ਼ਪੁਰ ਤੋਂ ਓਮ ਪ੍ਰਕਾਸ਼, ਸੰਗਰੂਰ ਤੋਂ ਹਰਪਾਲ ਸਿੰਘ ਅਤੇ ਗੁਰਦਾਸਪੁਰ ਮਿਲਕ ਪਲਾਂਟ ਤੋਂ ਬਚਿੱਤਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ | ਮੀਟਿੰਗ ਦੌਰਾਨ ਸਕੱਤਰਾਂ ਨੇ ਕਿਹਾ ਕਿ ਮਿਲਕ ਪਲਾਂਟ ਵੇਰਕਾ ਵਲੋਂ ਮਹੀਨੇ ਦੇ ਅੰਤਰਾਲ ਦੌਰਾਨ 3 ਰੁਪਏ ਪ੍ਰਤੀ ਲੀਟਰ ਦੁੱਧ ਦੇ ਰੇਟ ਘਟਾਉਣ ਨਾਲ ਪਸ਼ੂ ਪਾਲਕਾਂ ਨੂੰ ਸਿੱਧਾ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ | ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਕੰਪਨੀਆਂ ਵਲੋਂ ਪਸ਼ੂ ਫੀਡ ਦੇ ਰੇਟ 100 ਰੁਪਏ ਪ੍ਰਤੀ ਕੁਇੰਟਲ ਵਧਾਏ ਜਾ ਚੁੱਕੇ ਹਨ | ਇਸ ਸਥਿਤੀ 'ਚ ਪਸ਼ੂ ਪਾਲਕਾਂ ਦੀ ਆਰਥਿਕ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹੋਰ ਨਿੱਜੀ ਕੰਪਨੀਆਂ ਦੇ ਮੁਕਾਬਲੇ ਵੇਰਕਾ ਵਲੋਂ ਦੁੱਧ ਦਾ ਰੇਟ ਘੱਟ ਦਿੱਤਾ ਜਾ ਰਿਹਾ ਹੈ | ਜਥੇਬੰਦੀ ਦੇ ਸਮੂਹ ਸਕੱਤਰਾਂ ਨੇ ਫੈਸਲਾ ਲਿਆ ਕਿ ਜਲਦੀ ਹੀ ਮਿਲਕਫੈਡ ਦਫ਼ਤਰ ਚੰਡੀਗੜ੍ਹ ਵਿਖੇ ਐੱਮ. ਡੀ. ਨਾਲ ਇਸ ਮਾਮਲੇ ਸਬੰਧੀ ਮੀਟਿੰਗ ਕੀਤੀ ਜਾਵੇਗੀ | ਜੇਕਰ ਪ੍ਰਬੰਧਨ ਵਲੋਂ ਦੁੱਧ ਦੇ ਰੇਟ ਵਧਾਉਣ ਬਾਰੇ ਕੋਈ ਢੁੱਕਵਾਂ ਫੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਦੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ |