ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ)-ਪ੍ਰਦੂਸ਼ਣ ਨੂੰ ਘਟਾਉਣ ਦੇ ਮੰਤਵ ਨਾਲ 'ਗਰੀਨ ਹੋਲਾ ਮਹੱਲਾ' ਮਨਾਉਣ ਦੇ ਵਿਸ਼ੇਸ਼ ਮਿਸ਼ਨ ਨੂੰ ਸਫਲ ਬਣਾਉਣ ਲਈ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੇ ਉਪ ਮੰਡਲ ਮੈਜਿਸਟ੍ਰੇਟ ਕਮ ਮੇਲਾ ਅਫ਼ਸਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਲੰਗਰ ਕਮੇਟੀ ਪ੍ਰਬੰਧਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਗਰੀਨ ਹੋਲਾ ਮਹੱਲਾ ਮਨਾਉਣ ਦੇ ਮਿਸ਼ਨ ਤਹਿਤ ਲੰਗਰ ਕਮੇਟੀਆਂ ਨੂੰ ਲੋੜੀਂਦੀ ਮਾਤਰਾਂ ਵਿਚ ਜੈਵਿਕ ਖਪਣਯੋਗ ਬਰਤਨ ਮੁਫ਼ਤ ਵਿਚ ਉਪਲਬਧ ਕਰਵਾਏ ਜਾਣਗੇ | ਲੰਗਰਾਂ ਦੀ ਖ਼ਰਾਬ ਸਮਗਰੀ ਇਕੱਠਾ ਕਰਨ ਲਈ ਕੱਪੜੇ ਅਤੇ ਜੈਵਿਕ ਖਪਣਯੋਗ ਪਦਾਰਥਾਂ ਦੇ ਬਣੇ ਥੈਲੇ ਵੀ ਲੰਗਰ ਕਮੇਟੀਆਂ ਨੂੰ ਮੁਫ਼ਤ ਦਿੱਤੇ ਜਾਣਗੇ | ਪ੍ਰਸ਼ਾਸਨ ਵਲੋਂ ਹੋਲਾ ਮਹੱਲਾ ਦੌਰਾਨ ਸੈਲੰਸਰ ਹਟਾ ਕੇ ਮੋਟਰਸਾਈਕਲ, ਟਰੈਕਟਰ ਤੇ ਹੋਰ ਵਾਹਨ ਚਲਾਉਣ, ਹੁੱਲੜਬਾਜ਼ੀ ਅਤੇ ਰੰਗ ਗੁਲਾਲ ਦੀ ਵਰਤੋਂ ਨਾਂ ਕਰਨ ਦੀ ਅਪੀਲ ਕੀਤੀ ਹੈ | ਪ੍ਰਸ਼ਾਸਨ ਵਲੋਂ ਸਿੰਗਲ ਵਰਤੋਂ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਾਉਣ ਅਤੇ ਵਾਤਾਵਰਣ ਸਾਫ਼ ਸੁਥਰਾ ਰੱਖਣ ਲਈ ਹਰ ਵਰਗ ਦਾ ਸਹਿਯੋਗ ਮੰਗਿਆ ਹੈ | ਜਥੇਦਾਰ ਗੜਗੱਜ ਨੇ ਅਪੀਲ ਕੀਤੀ ਕਿ ਪਾਣੀ, ਹਵਾ, ਧਰਤੀ ਨੂੰ ਬਚਾਉਣ ਲਈ ਪ੍ਰਦੂਸ਼ਣ ਦਾ ਖ਼ਾਤਮਾ ਬਹੁਤ ਜ਼ਰੂਰੀ ਹੈ ਤੇ ਮੇਲਾ ਖੇਤਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ | ਇਸ ਮੌਕੇ ਐਸ.ਡੀ.ਐਮ ਸੁਖਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸੂਚਨਾ ਅਫ਼ਸਰ ਹਰਪ੍ਰੀਤ ਸਿੰਘ, ਇੰ. ਗੁਰਕਰਨ ਸਿੰਘ, ਇੰ. ਹਰਿੰਦਰ ਸਿੰਘ, ਇੰ. ਚਰਨਜੀਤ ਰਾਏ, ਇੰ. ਬੀਰਦਵਿੰਦਰ ਸਿੰਘ, ਇੰ. ਵਿਪਨ ਕੁਮਾਰ, ਇੰ. ਰੁਬਲ ਗੋਇਲ, ਇੰ. ਅਮਨਦੀਪ ਸਿੰਘ, ਐੱਸ.ਡੀ.ਓ ਅਰਸ਼ਪ੍ਰੀਤ ਸਿੰਘ, ਇੰ. ਚਰਨਜੀਤ ਰਾਏ, ਜਸਵੀਰ ਸਿੰਘ, ਜਸ਼ਨਜੋਤ ਸਿੰਘ, ਹਰਦੇਵ ਸਿੰਘ, ਬਾਬਾ ਤੀਰਥ ਸਿੰਘ, ਮੈਨੇਜਰ ਬੇਅੰਤ ਸਿੰਘ ਤੇ ਬਾਬਾ ਜਰਨੈਲ ਸਿੰਘ ਆਦਿ ਹਾਜ਼ਰ ਸਨ |