ਪੁਰਖਾਲੀ, 22 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਨੇੜਲੇ ਪਿੰਡ ਬਰਦਾਰ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ਇਲਾਕਾ ਵਾਸੀਆਂ ਨੇ ਫਿਰ ਤੋਂ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਬਰਦਾਰ ਤੋਂ ਪੰਜਾਬ ਦੀ ਹੱਦ ਤੱਕ 3 ਕਿੱਲੋਮੀਟਰ ਦੇ ਕਰੀਬ ਦੂਰੀ ਦਾ ਕੱਚਾ ਰਸਤਾ ਹੈ ਜੋ ਕਿ ਮਾਲ ਵਿਭਾਗ ਦੇ ਰਿਕਾਰਡ 'ਚ ਵੀ ਕਾਇਮ ਹੈ | ਇਸ ਸੜਕ ਨੂੰ ਪੰਜਾਬ ਨਾਲ ਮਿਲਾਉਣ ਦੀ ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ | ਹਿਮਾਚਲ ਪ੍ਰਦੇਸ਼ ਸਰਕਾਰ ਵਲੋ ਪੰਜਾਬ ਨੂੰ ਆਉਣ ਲਈ ਹਿਮਾਚਲ ਪ੍ਰਦੇਸ਼ ਦੇ ਪਿੰਡ ਚੁੰਨੜੀ ਵਿਖੇ ਲੰਘਦੀ ਸਰਸਾ ਨਦੀ ਨੂੰ ਪੁਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਇਸ ਸੜਕ ਨੂੰ ਪੰਜਾਬ ਦੇ ਪਿੰਡ ਬਰਦਾਰ ਤੇ ਪੁਰਖਾਲੀ ਦੇ ਨਾਲ ਜੋੜਿਆ ਜਾ ਸਕੇ | ਉੱਧਰ ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਤੋਂ ਮੰਗ ਕਰਦਿਆਂ ਕਿਹਾ ਉਕਤ ਸੜਕ ਦੀ ਪੈਰਵਾਈ ਜਲਦੀ ਸ਼ੁਰੂ ਕੀਤੀ ਜਾਵੇ | ਲੋਕਾਂ ਨੇ ਕਿਹਾ ਕਿ ਪੰਜਾਬ ਨਾਲ ਸਬੰਧਿਤ ਇਸ ਖੇਤਰ ਦੇ ਨੌਜਵਾਨ ਪੰਜਾਬ 'ਚ ਰੁਜ਼ਗਾਰ ਨਾ ਹੋਣ ਕਾਰਨ ਇਸ ਕੱਚੇ ਰਸਤੇ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਫ਼ੈਕਟਰੀਆਂ 'ਚ ਕੰਮ ਕਰਨ ਲਈ ਜਾਂਦੇ ਹਨ, ਜਦ ਕਿ ਬਰਸਾਤਾਂ ਦੇ ਮੌਸਮ ਦੌਰਾਨ ਇਹ ਰਸਤਾ ਖ਼ਰਾਬ ਹੋ ਜਾਂਦਾ ਹੈ ਤੇ ਨੌਜਵਾਨਾਂ ਨੂੰ ਵਾਇਆ ਸਿਸਵਾਂ ਹੋ ਕੇ ਰੁਜ਼ਗਾਰ ਤੇ ਜਾਣਾ ਪੈਂਦਾ ਹੈ | ਲੋਕਾਂ ਨੇ ਕਿਹਾ ਕਿ ਜੇਕਰ ਇਹ ਰਸਤਾ ਹਿਮਾਚਲ ਪ੍ਰਦੇਸ਼ ਤੱਕ ਪੱਕਾ ਹੁੰਦਾ ਹੈ ਤਾਂ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵਧੇਗਾ ਤੇ ਆਪਸ ਵਿਚ ਵਿਉਪਾਰ ਵੀ ਵਧੇਗਾ | ਉੱਧਰ ਇਸ ਸਬੰਧੀ ਹਿਮਾਚਲ ਵਾਸੀ ਚੌਧਰੀ ਭਾਗ ਸਿੰਘ ਅਤੇ ਜਗਦੀਸ਼ ਚੰਦ ਕਾਲਾ ਨੇ ਕਿਹਾ ਕਿ ਉਕਤ ਸੜਕ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜਾਬ ਦੇ ਪਤਾ ਨਹੀਂ ਕਿੰਨੇ ਹੀ ਨੌਜਵਾਨ ਹਿਮਾਚਲ ਪ੍ਰਦੇਸ਼ ਦੀਆਂ ਫ਼ੈਕਟਰੀਆਂ ਵਿਚ ਕੰਮ ਕਰਨ ਦੇ ਲਈ ਆਉਂਦੇ ਹਨ | ਇਸ ਤੋਂ ਇਲਾਵਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀਆਂ ਆਪਸ ਵਿਚ ਇੱਧਰ ਉੱਧਰ ਰਿਸ਼ਤੇਦਾਰੀਆਂ ਵੀ ਪੈਂਦੀਆਂ ਹਨ | ਲੋਕਾਂ ਨੂੰ ਇਸ ਕੱਚੇ ਰਸਤੇ ਰਾਹੀਂ ਹੀ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਮੇਲ ਦੇ ਨਾਲ ਦੋਵੇਂ ਪਾਸੇ ਤਰੱਕੀ ਦੇ ਰਾਹ ਵੀ ਖੁੱਲ੍ਹਣਗੇ ਅਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਦਰਵਾਜ਼ੇ ਵੀ ਖੁੱਲ੍ਹਣਗੇ |