ਨੰਗਲ, 23 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਬੀਤੇ ਦਿਨ ਗੁੱਗਾ ਮਾੜੀ ਮੰਦਰ ਈ ਬੀ ਬਲਾਕ ਨੰਗਲ ਵਿਖੇ ਹੋਈ ਚੋਰੀ ਉਪਰੰਤ ਕਾਰਵਾਈ ਕਰਦਿਆਂ ਨੰਗਲ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਚੋਰੀ ਕੀਤੇ ਗਏ ਸਮਾਨ ਸਮੇਤ ਚਾਰ ਚੋਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਪੁਲਿਸ ਵਲੋਂ ਦਾਅਵਾ ਕੀਤਾ ਗਿਆ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਬੀਤੇ ਦਿਨ ਇਕ ਦਰਖਾਸਤ ਬਾਬਤ ਗੁੱਗਾ ਮਾੜੀ ਮੰਦਰ ਈਵੀ ਬਲਾਕ ਨੰਗਲ ਵਿਖੇ 21 ਅਤੇ 22 ਫਰਵਰੀ ਦੀ ਦਰਮਿਆਨੀ ਰਾਤ ਨੂੰ ਚੋਰਾਂ ਵਲੋਂ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਡੀਵੀਆਰ, ਪਿੱਤਲ ਦੇ ਨਾਗ, ਪਿੱਤਲ ਦੇ ਕਲਸ਼ ਤੇ ਪਿੱਤਲ ਦੇ ਗੁਰਜ ਤੋਂ ਇਲਾਵਾ ਛੋਟੇ ਨਾਗ ਅਤੇ ਪਿੱਤਲ ਅਤੇ ਤਾਂਬੇ ਦੇ ਭਾਂਡੇ ਚੋਰੀ ਕਰਨ ਸਬੰਧੀ ਪ੍ਰਾਪਤ ਹੋਈ ਸੀ, ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 37 ਮਿਤੀ 22 ਫਰਵਰੀ ਅਪਰਾਧਿਕ ਧਾਰਾ 331(4),303(2),3(5) ਬੀ. ਐੱਨ. ਐੱਸ. ਥਾਣਾ ਨੰਗਲ ਦਰਜ ਰਜਿਸਟਰ ਕੀਤਾ ਗਿਆ | ਪੁਲਿਸ ਥਾਣਾ ਨੰਗਲ ਦੇ ਏ.ਐੱਸ.ਆਈ. ਰਾਮ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਤਫ਼ਤੀਸ਼ ਮੁਕੱਦਮਾ ਵਿਚ ਕੁੰਦਨ ਲਾਲ ਉਰਫ਼ ਘੰਟੀ ਪੁੱਤਰ ਪਿਆਰੇ ਲਾਲ ਵਾਸੀ ਮਕਾਨ ਨੰਬਰ 557 ਇੰਦਰਾ ਨਗਰ ਨੰਗਲ, ਸੁਮਿਤ ਕੁਮਾਰ ਉਰਫ਼ ਭੰੂਡੀ ਪੁੱਤਰ ਤਿਲਕ ਰਾਜ ਵਾਸੀ ਮਕਾਨ ਨੰਬਰ 344 ਡਬਲ ਐੱਫ ਬਲਾਕ ਨੰਗਲ,. ਰਵਿੰਦਰ ਕੁਮਾਰ ਉਰਫ਼ ਕਾਕਾ ਬੱਕਰੀ ਪੁੱਤਰ ਰਾਜਾ ਰਾਮ ਵਾਸੀ ਮਕਾਨ ਨੰਬਰ 457-458 ਡਬਲ ਐੱਫ ਬਲਾਕ ਨੰਗਲ, ਰਾਜਨ ਮਹਾਜਨ ਉਰਫ ਵਿਸ਼ੂ ਉਰਫ ਅੰਮਿ੍ਤਸਰੀਆਂ ਪੁੱਤਰ ਵਿਜੇ ਕੁਮਾਰ ਮਹਾਜਨ ਵਾਸੀ ਮਕਾਨ ਨੰਬਰ 57 ਈ ਬੀ ਬਲਾਕ ਨੰਗਲ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਨੂੰ ਕਾਬੂ ਕੀਤਾ ਗਿਆ | ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਕੋਲੋਂ 5,000 ਰੁਪਏ ਨਗਦੀ 1 ਕਲਸ਼ ਪਿੱਤਲ ਦਾ, 1 ਨਾਗ ਵੱਡਾ ਪਿੱਤਲ ਦਾ ਤੇ 4 ਨਾਗ ਛੋਟੇ, 1 ਗੁਰਜ ਪਿੱਤਲ ਦਾ ਬਰਾਮਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰਾਂ ਨੂੰ ਪੁਲਿਸ ਵਲੋਂ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਡੁੰਘਾਈ ਨਾਲ ਪੁੱਛ ਗਿੱਛ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |