ਕਾਹਨਪੁਰ ਖੂਹੀ, 25 ਫਰਵਰੀ (ਗੁਰਬੀਰ ਸਿੰਘ ਵਾਲੀਆ)-ਕਾਹਨਪੁਰ ਖੂਹੀ ਤੇ ਇਸਦੇ ਨਜ਼ਦੀਕੀ ਪਿੰਡਾਂ ਵਿਚ ਕਾਨੂੰਨ-ਵਿਵਸਥਾ ਸਬੰਧੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧਦੀ ਜਾ ਰਹੀ ਹੈ, ਜਿਸ ਤਹਿਤ ਇਕ ਦਿਨ ਦਿਹਾੜੇ ਹੀ ਰਾਹਗੀਰ ਨੌਜਵਾਨ ਤੋਂ ਲੁੱਟ ਖੋਹ ਕਰਨ ਦੀ ਘਟਨਾ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਅਨੀਕੇਤ ਪੁੱਤਰ ਰਾਜਪਾਲ ਅਤੇ ਦਿਨੇਸ਼ ਪੁੱਤਰ ਮਨਫੂਲ, ਜੋ ਅਸਲ ਵਿਚ ਪਿੰਡ ਚੰਦੇਸੀ, ਜ਼ਿਲ੍ਹਾ ਸੰਭਲ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਹਨ ਤੇ ਇਸ ਵੇਲੇ ਨੂਰਪੁਰ ਬੇਦੀ ਦੇ ਕਾਂਗੜ ਚੌਂਕ ਖੇਤਰ ਵਿਚ ਰਹਿ ਰਹੇ ਹਨ, ਪੇਂਟਿੰਗ ਦਾ ਕੰਮ ਕਰਦੇ ਹਨ | ਦੋਵੇਂ ਨੌਜਵਾਨਾਂ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਪਿੰਡ ਸਵਾੜਾ ਵਿਚ ਆਪਣਾ ਦਿਹਾੜੀ ਦਾ ਕੰਮ ਮੁਕੰਮਲ ਕਰਕੇ ਪੈਦਲ ਕਾਹਨਪੁਰ ਖੂਹੀ ਵੱਲ ਰਵਾਨਾ ਹੋਏ ਸਨ | ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦਾ ਸਾਥੀ ਮੁੰਨਾ ਪੁੱਤਰ ਸਕੂਲ ਮੁਹੰਮਦ, ਵਸਨੀਕ ਸੈਣੀਮਾਜਰਾ, ਮੋਟਰਸਾਈਕਲ ਰਾਹੀਂ ਉਥੇ ਪਹੁੰਚ ਰਿਹਾ ਸੀ | ਪੀੜਤਾਂ ਦੇ ਬਿਆਨ ਮੁਤਾਬਕ ਜਦੋਂ ਉਹ ਸਵਾੜਾ ਪਿੰਡ ਤੋਂ ਕਰੀਬ ਅੱਧਾ ਕਿੱਲੋਮੀਟਰ ਦੂਰ ਕਾਹਨਪੁਰ ਖੂਹੀ ਵਾਲੇ ਪਾਸੇ ਸੜਕ ਦੇ ਕਿਨਾਰੇ ਖੜੇ ਹੋਏ ਸਨ, ਤਾਂ ਇਸ ਦੌਰਾਨ ਮੋਟਰਸਾਈਕਲ 'ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਅਚਾਨਕ ਉਨ੍ਹਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ | ਦੋਸ਼ੀਆਂ ਵਲੋਂ ਦੋਵੇਂ ਮਜ਼ਦੂਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਇਸ ਹੰਗਾਮੇ ਦੌਰਾਨ ਅਨੀਕੇਤ ਕੋਲ ਮੌਜੂਦ ਓਪੋ ਕੰਪਨੀ ਦਾ ਲਗਪਗ 18 ਹਜ਼ਾਰ ਰੁਪਏ ਕੀਮਤ ਵਾਲਾ ਮੋਬਾਈਲ ਫੋਨ ਖੋਹ ਕੇ ਹਮਲਾਵਰ ਤੁਰੰਤ ਮੌਕੇ ਤੋਂ ਭੱਜ ਨਿਕਲੇ | ਮਾਮਲੇ ਦੀ ਨਾਜੁਕਤਾ ਨੂੰ ਵੇਖਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ | ਏ.ਐੱਸ.ਆਈ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਰਖ਼ਾਸਤ ਪ੍ਰਾਪਤ ਹੋ ਚੁੱਕੀ ਹੈ ਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ |