ਰੂਪਨਗਰ, 25 ਫਰਵਰੀ (ਸਟਾਫ਼ ਰਿਪੋਰਟਰ)-ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵਲੋਂ ਗੁਰੂ ਨਗਰ (ਪਾਵਰ ਕਲੋਨੀ ਸਾਹਮਣੇ) ਲੰਬੇ ਸਮੇਂ ਤੋਂ ਚੱਲ ਰਹੀਆਂ ਬੁਨਿਆਦੀ ਸਮੱਸਿਆਵਾਂ ਦੇ ਸਥਾਈ ਹੱਲ ਲਈ ਉੱਚ ਅਧਿਕਾਰੀਆਂ ਨਾਲ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ | ਮੀਟਿੰਗ ਤੋਂ ਪਹਿਲਾਂ ਉਨ੍ਹਾਂ ਇਲਾਕੇ ਦੀਆਂ ਗਲੀਆਂ ਦਾ ਮੌਕੇ ਤੇ ਤਕਨੀਕੀ ਮੁਆਇਨਾ ਕੀਤਾ ਅਤੇ ਵਸਨੀਕਾਂ ਨਾਲ ਸਿੱਧੀ ਗੱਲਬਾਤ ਕਰਕੇ ਫੀਡਬੈਕ ਪ੍ਰਾਪਤ ਕੀਤਾ | ਵਿਧਾਇਕ ਨੇ ਦੱਸਿਆ ਕਿ ਗੁਰੂ ਨਗਰ ਵਿਚ ਪੀਣ ਵਾਲੇ ਪਾਣੀ ਦੀ ਘਾਟ ਅਤੇ ਘੱਟ ਪ੍ਰੈਸ਼ਰ ਦੀ ਸਮੱਸਿਆ ਗੰਭੀਰ ਸੀ, ਨਿਪਟਾਰੇ ਲਈ ਲਗਪਗ 400 ਮੀਟਰ ਨਵੀਂ ਪਾਈਪ ਲਾਈਨ ਵਿਛਾਈ ਗਈ ਹੈ, ਜੋ ਸ਼ਹਿਰ ਵਿਚ ਕਰੀਬ 12-13 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਪੀਣਯੋਗ ਪਾਣੀ ਪ੍ਰੋਜੈਕਟ ਅਧੀਨ ਲਾਗੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਘਰਾਂ ਤੱਕ ਪਾਣੀ ਦੀ ਸਪਲਾਈ ਵਿਚ ਸੁਧਾਰ ਆਏਗਾ | ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਓਵਰਫ਼ਲੋ ਦੀ ਸਮੱਸਿਆ ਵੀ ਵਸਨੀਕਾਂ ਲਈ ਵੱਡੀ ਮੁਸ਼ਕਲ ਬਣੀ ਹੋਈ ਸੀ | ਮੌਕੇ 'ਤੇ ਮੌਜੂਦ ਮਿਊਨਿਸਪੈਲਟੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸੋਮਵਾਰ ਤੱਕ ਇਲਾਕੇ ਦੀ ਲੈਵਲਿੰਗ ਦਾ ਕੰਮ ਪੂਰਾ ਕੀਤਾ ਜਾਵੇ | ਇਸ ਤੋਂ ਬਾਅਦ ਵਿਗਿਆਨਕ ਢੰਗ ਨਾਲ ਡਰੇਨੇਜ ਪ੍ਰੋਜੈਕਟ ਸ਼ੁਰੂ ਕਰਕੇ ਪਾਣੀ ਦੀ ਢੁੱਕਵੀਂ ਢਲਾਣ ਯਕੀਨੀ ਬਣਾਈ ਜਾਵੇ | ਇਸ ਕਾਰਜ ਲਈ ਕਰੀਬ 25 ਲੱਖ ਰੁਪਏ ਦੀ ਵੱਖਰੀ ਰਕਮ ਵੀ ਨਿਰਧਾਰਿਤ ਕੀਤੀ ਗਈ ਹੈ, ਤਾਂ ਜੋ ਨਿਕਾਸੀ ਪ੍ਰਣਾਲੀ ਨੂੰ ਲੰਬੇ ਸਮੇਂ ਲਈ ਮਜ਼ਬੂਤ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਸੀਵਰੇਜ ਪ੍ਰਬੰਧਨ ਨੂੰ ਤਰਤੀਬਵਾਰ ਬਣਾਉਣ ਲਈ ਇੱਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਦੀ ਤਜਵੀਜ ਤਿਆਰ ਕਰ ਲਈ ਗਈ ਹੈ, ਜਿਸ ਨੂੰ ਜਲਦ ਮਨਜ਼ੂਰੀ ਲਈ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕੰਮ ਵਸਨੀਕਾਂ ਦੀ ਸਲਾਹ-ਮਸ਼ਵਰੇ ਨਾਲ ਤਰਤੀਬਵਾਰ ਢੰਗ ਨਾਲ ਅੱਗੇ ਵਧਾਏ ਜਾ ਰਹੇ ਹਨ, ਤਾਂ ਜੋ ਗੁਰੂ ਨਗਰ ਨੂੰ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿਚ ਇੱਕ ਮਾਡਲ ਇਲਾਕਾ ਬਣਾਇਆ ਜਾ ਸਕੇ | ਇਸ ਮੌਕੇ ਈ. ਓ. ਅਸ਼ੋਕ ਕੁਮਾਰ, ਐੱਸ. ਡੀ. ਓ. ਹਰਪ੍ਰੀਤ ਸਿੰਘ ਭਿਓਰਾ, ਬਲਾਕ ਸੰਮਤੀ ਮੈਂਬਰ ਲਲਿਤ ਕੁਮਾਰ ਡਕਾਲਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਕੁਲਦੀਪ ਸਿੰਘ, ਸੁੱਚਾ ਸਿੰਘ, ਐਡਵੋਕੇਟ ਗੌਰਵ ਕਪੂਰ, ਕੁਲਦੀਪ ਕਾਲੀਆ, ਸਰਪੰਚ ਵਿਕਰਾਂਤ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ |