ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਹੈ ਕਿ ਪੰਥ ਦੀ ਚੜ੍ਹਦੀ ਕਲਾਂ ਅਤੇ ਪੰਥ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਪੰਥਕ ਏਕਤਾ ਸਮੇਂ ਦੀ ਲੋੜ ਹੈ, ਪਰ ਇਹ ਏਕਤਾ ਸਿਰਫ਼ ਸਿਧਾਂਤਾਂ ਦੇ ਆਧਾਰ 'ਤੇ ਹੀ ਹੋਣੀ ਚਾਹੀਦੀ ਹੈ | ਸਥਾਨਕ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਿੱਖ ਮਸਲਿਆਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ | ਸਿੱਖ ਮਸਲਿਆਂ 'ਤੇ ਇਨਸਾਫ਼ ਨਾ ਮਿਲਣ 'ਤੇ ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਮਸਲੇ ਲੰਮੇ ਸਮੇਂ ਤੋਂ ਉਲਝੇ ਹੋਏ ਹਨ | ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਜਾਂ ਹੁਣ ਦੀ 'ਆਪ' ਸਰਕਾਰ ਹੋਵੇ, ਕਿਸੇ ਨੇ ਵੀ ਬਰਗਾੜੀ ਕਾਂਡ ਤੇ ਹੋਰ ਅਹਿਮ ਸਿੱਖ ਮਸਲਿਆਂ 'ਤੇ ਇਨਸਾਫ਼ ਨਹੀਂ ਦਿਵਾਇਆ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਦੌਰ ਵਿਚ ਪੰਜਾਬ ਦੇ ਵਿੱਤੀ ਤੇ ਸੁਰੱਖਿਆ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਜਿਸ ਕਾਰਨ ਹਰ ਨਾਗਰਿਕ ਚਿੰਤਤ ਹੈ | ਉਨ੍ਹਾਂ ਦੱਸਿਆ ਕਿ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਸਬੰਧ ਵਿਚ 2 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਰਾਸਤੀ ਖੇਡਾਂ ਕਰਵਾਈਆਂ ਜਾਣਗੀਆਂ ਅਤੇ 3 ਮਾਰਚ ਨੂੰ ਪਾਰਟੀ ਵਲੋਂ ਵੱਡੀ ਸਿਆਸੀ ਕਾਨਫ਼ਰੰਸ ਕੀਤੀ ਜਾਵੇਗੀ | ਇਸ ਕਾਨਫ਼ਰੰਸ ਵਿਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸੀਨੀਅਰ ਆਗੂ ਕੌਮੀ ਮਸਲਿਆਂ 'ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ | 'ਬੇਗਮਪੁਰਾ' ਦੇ ਸੰਕਲਪ ਦੀ ਹਮਾਇਤ ਇੱਕ ਅਹਿਮ ਮੰਗ ਕਰਦਿਆਂ ਉਨਾਂ ਕਿਹਾ ਕਿ ਉਹ ਖਾਲਿਸਤਾਨ ਦੀ ਗੱਲ ਕਰਦੇ ਹਨ ਤਾਂ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ, ਸਗੋਂ ਭਗਤ ਰਵਿਦਾਸ ਜੀ ਦੁਆਰਾ ਚਿਤਵੇ ਗਏ 'ਬੇਗਮਪੁਰਾ' ਵਾਂਗ ਬਰਾਬਰੀ ਵਾਲੇ ਰਾਜ ਦੇ ਸੁਪਨੇ ਦੀ ਗੱਲ ਕਰਦੇ ਹਨ | ਉਨ੍ਹਾਂ ਕੇਂਦਰ ਸਰਕਾਰ ਵਲੋਂ ਵੰਦੇ ਮਾਤਰਮ ਗਾਉਣ ਦੀ ਲਾਜ਼ਮੀਅਤ ਨੂੰ ਸਿੱਖ ਮੱਤ ਦੇ ਵਿਰੁੱਧ ਦੱਸਿਆ | ਉਨ੍ਹਾਂ ਕਿਹਾ ਕਿ ਸਰਕਾਰ ਯੋਗਾ ਨੰੂ ਮਹੱਤਵ ਦਿੰਦੀ ਹੈ ਤਾਂ ਗਤਕਾ ਜਿਹੀਆਂ ਸਿੱਖ ਪੰ੍ਰਪਰਾਵਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ | ਇਸ ਮੌਕੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਮੁੱਖ ਬੁਲਾਰਾ ਹਰਜਿੰਦਰ ਸਿੰਘ ਜੱਖੂ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਤੇਜ ਕੌਰ, ਬੀਬੀ ਪ੍ਰੀਤੀ, ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁਰਜਵਾਲਾ, ਬਲਵਿੰਦਰ ਸਿੰਘ ਗਰੇਵਾਲ, ਪਿ੍ੰਸੀਪਲ ਹਰਿੰਦਰ ਸਿੰਘ, ਮਾਸਟਰ ਸੁਰਿੰਦਰ ਸਿੰਘ, ਪਰਮਜੀਤ ਸਿੰਘ ਅਤੇ ਦੀਪੂ ਯੂਥ ਆਗੂ ਸਮੇਤ ਹੋਰ ਕਈ ਪਤਵੰਤੇ ਮੌਜੂਦ ਸਨ |